June 25, 2026 6:24 am

ਕੈਪਟਨ ਦੇ ਰੋਡ ਸ਼ੋਅ ਨੇ ਅਕਾਲੀ ਤੇ ਭਾਜਪਾਈਆਂ ਨੂੰ ਪਾਇਆ ਚਿੰਤਾ ’ਚ

image ਅੰਮ੍ਰਿਤਸਰ, 29 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਆਉਣ ਤੇ ਹੋਏ ਵੱਡੇ ਸਵਾਗਤ ਸ਼ੋਅ ਨੇ ਅਕਾਲੀ ਭਾਜਪਾਈਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਕੈਪਟਨ ਦੇ ਸ਼ੋਅ ਅੱਗੇ ਜੇਤਲੀ ਦਾ ਸੁਆਗਤੀ ਸ਼ੋਅ ਫਿੱਕਾ ਪੈ ਕੇ ਰਹਿ ਗਿਆ ਹੈ।ਕੈਪਟਨ ਦਾ ਸ਼ਹਿਰ ਵਿੱਚ ਆਉਣ ਤੇ ਜਿਸ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਉਸ ਤੋਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਈ ਹੇ ਕੇ ਕਾਂਗਰਸ ਪਾਰਟੀ ਵਿੱਚ ਮੁੜ ਜਾਨ ਪੈ ਗਈ ਹੈ ਅਤੇ ਆਗੂਆਂ ਦੀ ਇਕਜੁੱਟਤਾ ਦਾ ਪਾਰਟੀ ਨੂੰ ਲਾਭ ਹੋ ਰਿਹਾ ਹੈ। ਇਸ ਸਵਾਗਤੀ ਸ਼ੋਅ ਵਿੱਚ ਪੇਂਡੂ ਲੋਕਾਂ ਤੋਂ ਵੱਧ ਸ਼ਹਿਰੀ ਲੋਕ ਜ਼ਿਆਦਾ ਵੇਖਣ ਨੂੰ ਮਿਲੇ। ਸ਼ਹਿਰੀ ਲੋਕਾਂ ਦਾ ਬਾਹਰ ਨਿਕਲਣਾ ਆਪਣੇ ਆਪ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ ਦੇ

ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਸਵਾਗਤ ਲਈ ਵੀ ਅਕਾਲੀ ਦਲ ਤੇ ਭਾਜਪਾ ਵਲੋਂ ਮਿਲਕੇ ਵੱਡਾ ਰੋਡ ਸ਼ੋਅ ਕੀਤਾ ਗਿਆ ਸੀ ਪਰ ਜੇਤਲੀ ਦਾ ਰੋਡ ਸ਼ੋਅ ਕੈਪਟਨ ਦੇ ਰੋਡ ਸ਼ੋਅ ਦੇ ਅੱਗੇ ਫਿੱਕਾ ਪੈ ਗਿਆ ਹੈ। ਹਾਲਦੀ ਘੜੀ ਕਾਂਗਰਸ ਪਾਰਟੀ ਦੇ ਇਸ ਸਫਲ ਸ਼ੋਅ ਨੇ ਜੇਤਲੀ ਨੂੰ ਪਛਾੜ ਦਿੱਤਾ ਹੈ। ਇਸ ਹਲਕੇ ਅੰਦਰ 14 ਲੱਖ ਦੇ ਕਰੀਬ ਵੋਟਰ ਹੈ ਅਤੇ ਇਸ ਦਾ ਬਹੁਤਾ ਹਿੱਸਾ ਪੇਂਡੂ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਸ਼ਹਿਰ ਵਿਚੋਂ 48000 ਦੇ ਕਰੀਬ ਲੀਡ ਲੈ ਕੇ ਗਿਆ ਸੀ ਅਤੇ ਇਹ ਲੀਡ ਪੇਂਡੂ ਹਲਕਿਆਂ ਵਿਚੋਂ ਘਟੀ ਸੀ ਜਿਸ ਕਾਰਨ ਭਾਜਪਾ ਦੇ ਸਿੱਧੂ ਨੂੰ ਜਿੱਤ ਪ੍ਰਾਪਤ ਹੋਈ ਸੀ। ਅਕਾਲੀ ਦਲ ਵਲੋਂ ਜੇਤਲੀ ਨੂੰ ਜਿਤਾਉਣ ਲਈ ਲਾਏ ਜਾ ਰਹੇ ਜ਼ੋਰ ਦੇ ਬਾਵਜੂਦ ਜੇਤਲੀ ਅਜੇ ਲੋਕਾਂ ਵਿੱਚ ਆਪਣਾ ਪ੍ਰਭਾਵ ਨਹੀਂ ਛੱਡ ਸਕੇ। ਕੈਪਟਨ ਦੇ ਮੈਦਾਲ ਵਿੱਚ ਆਉਣ ਨਾਲ ਪੂਰੇ ਪੰਜਾਬ ਵਿੱਚ ਹੀ ਕਾਂਗਰਸ ਪਾਰਟੀ ਅੰਦਰ ਇੱਕ ਲਹਿਰ ਪੈਦਾ ਹੋ ਗਈ ਹੈ ਅਤੇ ਪਿਛਲੇ ਸੱਤ ਸਾਲਾਂ ਤੋਂ ਸੁੱਤੀ ਆ ਰਹੀ ਕਾਂਗਰਸ ਇੱਕ ਵਾਰ ਜਾਗ ਗਈ ਹੈ। ਕੈਪਟਨ ਵਲੋਂ ਅਕਾਲੀਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਜੁਆਬ ਦਿੱਤੇ ਜਾ ਰਹੇ ਹਨ। ਅਕਾਲੀ ਭਾਜਪਾ ਸਰਕਾਰ ਤੋਂ ਦੁੱਖੀ ਲੋਕ ਕੈਪਟਨ ਦੇ ਆਉਣ ਕਾਰਨ ਤੇ ਦੂਸਰਾ ਕਾਂਗਰਸ ਵਿੱਚ ਇੱਕਜੁੱਟਤਾ ਨੂੰ ਵੇਖ ਘਰਾ ਤੋਂ ਬਾਹਰ ਨਿਕਲਿਆ ਨਜ਼ਰ ਆ ਰਿਹਾ ਹੈ। ਇਹ ਲੋਕ ਆਉਣ ਵਾਲੇ ਸਮੇਂ ਵਿੱਚ ਵੋਟਾਂ ਵਿੱਚ ਕਿੰਨੇ ਤਬਦੀਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਾਂਗਰਸੀ ਆਗੂ ਇੱਕ ਤੋਂ ਵੱਧਕੇ ਇੱਕ ਅੱਗੇ ਲੱਗਕੇ ਕੈਪਟਨ ਤੋਂ ਸ਼ਾਬਾਸ਼ ਲੈਣ ਲਈ ਉਤਾਵਲਾ ਹੈ ਅਤੇ ਤਾਂ ਹੀ ਇਹ ਲੀਡਰ ਆਪੋ ਆਪਣੇ ਹਲਕਿਆਂ ਵਿੱਚ ਡੱਟ ਗਏ ਹਨ। ਇਸ ਸਵਾਗਤੀ ਸ਼ੋਅ ਨੇ ਕਾਂਗਰਸ ਪਾਰਟੀ ਨੂੰ ਆਕਸੀਜਨ ਦਾ ਕੰਮ ਕੀਤਾ ਹੈ। ਕਿਉਂਕਿ ਜੇਕਰ ਹਿਸ ਸ਼ੋਅ ਵਿੱਚ ਲੋਕਾ ਦੀ ਸ਼ਮੂਲੀਅਤ ਘੱਟ ਰਹਿ ਜਾਂਦੀ ਤਾਂ ਕਾਂਗਰਸ ਦੇ ਹੌਸਲੇ ਪਸਤ ਹੋ ਸਕਦੇ ਸਨ। ਅਕਾਲੀ ਦਲ ਇਹ ਗੱਲ ਭਲੀਭਾਂਤ ਜਾਣਦਾ ਹੇ ਕੇ ਕੈਪਟਨ ਦਾ ਤੋੜ ਲੱਭਣਾ ਮੁਸ਼ਕਲ ਹੈ ਅਤੇ ਕੈਪਟਨ ਦੀ ਪੰਥਕ ਬਿਆਨਬਾਜ਼ੀ ਤੋਂ ਵੀ ਅਕਾਲੀ ਦਲ ਕੰਨੀ ਕਤਰਾਉਦਾ ਹੈ।
ਉਧਰ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੇ ਸਹੀਦਾਂ ਦੀ ਬਣਾਈ ਗਈ ਯਾਦਗਰ ਨੂੰ ਗਲਤ ਕਰਾਰ ਦੇ ਕੇ ਹਲਕੇ ਦੇ ਹਿੰਦੂ ਵੋਟਰਾਂ ਨੂੰ ਨਾਲ ਲਾਉਣ ਲਈ ਖੇਡੀ ਗਈ ਬਾਜ਼ੀ ਵੱਡੀ ਗਿਣਤੀ ਵਿੱਚ ਹਲਕੇ ਦੇ ਸਿੱਖ ਵੋਟਰਾਂ ਤੋਂ ਵੀ ਦੂਰ ਕਰ ਸਕਦੀ ਹੈ। ਜੇਤਲੀ ਦੇ ਇਸ ਬਿਆਨ ਨੇ ਅਕਾਲੀ ਦਲ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਅਤੇ ਭਾਜਪਾ ਦਾ ਇਹ ਸਟੈਂਡ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਹੈ।
ਚੋਣਾਂ ਦੇ ਨਾਜ਼ੁਕ ਸਮੇਂ ਜੇਤਲੀ ਵਲੋਂ ਹਿੰਦੂ ਵੋਟਰ ਖਿੱਚਣ ਲਈ ਦਾਗਿਆ ਗਿਆ ਇਹ ਬਿਆਨ ਭਾਰੀ ਵੀ ਪੈ ਸਕਦਾ ਹੈ। ਕਿਉਂਕਿ ਇਸ ਲੋਕ ਸਪਾ ਹਲਕੇ ਵਿੱਚ 65 ਫੀਸਦੀ ਸਿੱਖ ਵੋਟਰ ਹੈ ਜਦਕਿ 30 ਫੀਸਦੀ ਹਿੰਦੂ ਵੋਟਰ ਹੈ। 30 ਫੀਸਦੀ ਵੋਟਰਾਂ ਨੂੰ ਭਰਮਾਉਣ ਲਈ ਭਾਜਪਾ ਵਲੋਂ ਖੇਡਿਆ ਗਿਆ ਪੱਤਾ 65 ਫੀਸਦੀ ਤੋਂ ਦੂਰ ਲਿਜਾ ਸਕਦਾ ਹੈ। ਉਧਰ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਲ ਵਿੱਚ ਉਤਾਰੇ ਜਾਣ ਕਰਕੇ ਅਕਾਲੀ ਦਲ ਪਹਿਲਾਂ ਹੀ ਪੰਥਕ ਮੁੱਦਿਆਂ ਨੂੰ ਛੇੜਣ ਤੋਂ ਕੰਨੀ ਕਤਰਾ ਰਿਹਾ ਹੈ। ਪੰਥਕ ਮੁੱਦਿਆਂ ਤੇ ਭਾਜਪਾ ਨਾਲ ਵੱਖਰੀ ਸੁਰ ਹੋਣ ਕਾਰਨ ਵੀ ਅਕਾਲੀ ਦਲ ਲਈ ਵੱਡੀ ਚਣੌਤੀ ਹੈ।
ਅਰੁਣ ਜੇਤਲੀ ਵਲੋਂ ਸਾਕਾ ਨੀਲਾ ਤਾਰਾ ਦੀ ਯਾਦਗਰ ਦੇ ਵਿਰੋਧ ਵਿੱਚ ਬਿਆਨ ਦੇ ਕੇ ਠੱਪ ਹੋਇਆ ਮੁੱਦਾ ਮੁੜ ਭਖਾ ਦਿੱਤਾ ਗਿਆ ਹੈ। ਕਾਂਗਰਸ ਵਲੋਂ ਵੀ ਇਸ ਮੁੱਦੇ ਤੇ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਭਾਜਪਾ ਅਕਾਲੀ ਦਲ ਨਾਲ ਮਿਲਕੇ ਚੋਣ ਲੜੀ ਜਾ ਰਹੀ ਹੈ ਅਤੇ ਅਕਾਲੀ ਦਲ ਇਸ ਮਾਮਲੇ ਵਿੱਚ ਭਾਜਪਾ ਤੋਂ ਉਲਟ ਰਾਏ ਰੱਖਦਾ ਹੈ। ਜੇਤਲੀ ਵਲੋਂ ਹਿੰਦੂ ਵੋਟ ਹਥਿਆਉਣ ਕਾਰਨ ਇਹ ਪੱਤਾ ਖੇਡਿਆ ਗਿਆ ਹੈ ਪਰ ਇਹ ਗੱਲ ਵੀ ਸਪੱਸ਼ਟ ਹੈ ਕੇ ਹਿੰਦੂ ਵੋਟ ਕਾਂਗਰਸ ਨਾਲ ਵੀ ਜੁੜਿਆ ਹੋਇਆ ਹੈ। ਇਸ 30 ਫੀਸਦੀ ਵੋਟ ਵਿਚੋਂ ਵੰਡਕੇ ਹੀ ਦੋਹਾਂ ਪਾਰਟੀਆਂ ਨੂੰ ਵੋਅ ਪੈਣਾ ਹੈ ਜਦਕਿ ਵੱਡਾ ਵੋਟ ਬੈਂਕ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ। ਕਾਂਗਰਸ ਪਹਿਲਾਂ ਹੀ ਸਿੱਖ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਕੇ ਸਿੱਖ ਪੱਤਾ ਖੇਡ ਚੁੱਕੀ ਹੈ ਅਤੇ ਕੈਪਟਨ ਨੂੰ ਹਿੰਦੂ ਤੇ ਸਿੱਖ ਦੋਵੇਂ ਕੇਡਰ ਹੀ ਪਸੰਦ ਕਰਦੇ ਹਨ। ਜੇਤਲੀ ਦੇ ਇਸ ਬਿਆਨ ਨੇ ਅਕਾਲੀ ਦਲ ਅੱਗੇ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਅਕਾਲੀ ਦਲ ਦੀ ਮਦਦ ਕਰਦਾ ਆ ਰਿਹਾ ਸੰਤ ਸਮਾਜ ਕੀ ਹੁਣ ਜੇਤਲੀ ਦੀ ਮਦਦ ਕਰਨ ਲਈ ਸੋਚੇਗਾ। ਸੰਤ ਸਮਾਜ ਤੇ  ਦਮਦਮੀ ਟਕਸਾਲ ਦੇ  ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਇਹ ਯਾਦਗਰ ਬਦਾਈ ਗਈ ਸੀ ਅਤੇ ਹੁਣ ਜਿਹੜੀ ਭਾਜਪਾ ਇਸਦਾ ਵਿਰੋਧ ਕਰਦੀ ਆ ਰਹੀ ਹੈ ਉਸਦਾ ਸਾਥ ਉਹ ਕਿਵੇਂ ਦੇਣਗੇ। ਸੰਤ ਸਮਾਜ ਵਲੋਂ ਅਕਾਲੀ ਦਲ ਦੀ ਹਮਾਹਿਤ ਕਰਨਾ ਭਾਜਪਾ ਦੀ ਵੀ ਹਮਾਇਤ ਕਰਨਾ ਹੋਵੇਗਾ। ਭਾਜਪਾ ਆਗੂ ਦੇ ਇਸ ਸਟੈਂਡ ਕਾਰਨ ਸੰਤ ਸਮਾਜ ਵੀ ਸੋਚਣ ਲਈ ਮਜ਼ਬੂਰ ਹੋ ਗਿਆ ਹੈ।
ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਹੈ ਜਿਥੋਂ ਪੰਥਕ ਗਤੀਵਿਧੀਆਂ ਸ਼ੁਰੂ ਹੁੰਦੀਆਂ ਹਨ ਅਤੇ ਅਜਿਹੇ ਸਿੱਖ ਰਹਿਨੁਮਾ ਹਲਕੇ ਵਿੱਚ ਭਾਜਪਾ ਵਲੋਂ ਅਜਿਹਾ ਪੱਤਾ ਖੇਡਣਾ ਉਸਨੂੰ ਮਹਿੰਗਾ ਵੀ ਪੈ ਸਕਦਾ ਹੈ। ਅਕਾਲੀ ਦਲ ਤੇ ਭਾਜਪਾ ਦੀ ਹਮੇਸ਼ਾਂ ਹੀ ਪੰਥਕ ਮੁੱਦਿਆਂ ਤੇ ਅਲੱਗ ਅਲੱਗ ਸੁਰ ਰਹੇ ਹਨ ਅਤ ਅਕਾਲੀ ਦਲ ਭਾਜਪਾ ਦੇ ਹੱਕ ਵਿੱਚ ਇਹ ਮੁੱਦੇ ਵੀ ਨਹੀਂ ਉਠਾ ਸਕਦਾ ਤੇ ਦੂਸਰਾ ਕੈਪਟਨ ਜੋ ਇਹਨਾਂ ਮੁੱਦਿਆਂ ਤੇ ਅਕਾਲੀ ਦਲ ਨੂੰ ਜਵਾਬ ਦੇਣੇ ਜਾਣਦਾ ਹੈ। ਅਕਾਲੀ ਦਲ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹਨਾਂ ਮੁੱਦਿਆਂ ਨੂੰ ਛੇੜਣ ਨਾਲ ਕੈਪਟਨ ਅੱਗੋਂ ਇਹੀ ਮੁੱਦੇ ਲੈ ਕੇ ਅਕਾਲੀ ਦਲ ਤੇ ਭਾਰੀ ਨਾ ਪਵੇ। ਕੈਪਟਨ ਅਮਰਿੰਦਰ ਵੀ ਆਪਣੇ ਆਪ ਨੂੰ ਪੰਥਕ ਵਿਚਾਰਧਾਰਾ ਵਾਲਾ ਆਗੂ ਦੱਸਕੇ ਲੋਕਾਂ ਵਿੱਚ ਪਹਿਲਾਂ ਵੀ ਕਈ ਵਾਰ ਗਏ ਹਨ। ਅਕਾਲੀ ਦਲ ਹੁਣ ਇਸ ਨਾਜ਼ੁਕ ਮੋੜ ਤੇ ਕਿਸੇ ਤਰ੍ਹਾ ਦਾ ਨਵਾਂ ਵਿਵਾਦ ਛੇੜਣਾ ਨਹੀਂ ਚਾਹੁੰਦਾ। ਅਕਾਲੀ ਦਲ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਅੰਮ੍ਰਿਤਸਰ ਦੇ ਹਲਕੇ ਵਿੱਚ 65 ਫੀਸਦੀ ਸਿੱਖ ਵੋਟ ਹੈ ਅਤੇ ਕੈਪਟਨ ਇੱਕ ਸਿੱਖ ਹੋਣ ਕਰਕੇ ਵੀ ਇਸਦਾ ਫਾਇਦਾ ਲੈ ਸਕਦਾ ਹੈ। ਇਸ ਸਮੇਂ ਅਕਾਲੀ ਦਲ ਲਈ ਇਹ ਮੁੱਦੇ ਉਠਾਉਣਾ ਜਾਂ ਨਾ ਉਠਾਉਣਾ ਵੱਡੀ ਚੁਣੌਤੀ ਬਣੇ ਹੋਏ ਹਨ। ਗਰਮਖਿਆਲੀ ਵੀ ਬਾਦਲਾਂ ਨਾਲੋਂ ਕੈਪਟਨ ਨੂੰ ਵਧੇਰੇ ਪਸੰਦ ਕਰਦੇ ਹਨ ਅਤੇ ਇਹ ਵੋਟ ਵੀ ਕੈਪਟਨ ਲਿਜਾਣ ਵਿੱਚ ਸਫਲ ਹੋ ਸਕਦੇ ਹਨ। ਹਾਲਦੀ ਘੜੀ ਕਾਂਗਰਸ ਲਈ ਸਭ ਅੱਛਾ ਨਜ਼ਰ ਆ ਰਿਹਾ ਹੈ। ਭਾਜਪਾ ਉਮੀਦਵਾਰ ਨੂੰ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਵੇਗਾ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਯੂਥ ਆਗੂ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਜੇਤਲੀ ਨੂੰ ਕਿੰਨੇ ਵੱਡੇ ਪੱਧਰ ਤੇ ਸਿੱਖ ਵੋਟ ਪੁਆਈ ਜਾਂਦੀ ਹੈ। ਜੇਤਲੀ ਦੀ ਬੇੜੀ ਨੂੰ ਚੋਣਾਂ ਦੇ ਸਮੰਦਰੋਂ ਪਾਰ ਲਾਉਣ ਲਈ ਬਿਕਰਮ ਮਜੀਠੀਆ ਹੀ ਮਲਾਹ ਹੈ । ਪਿਛਲੀ ਵਾਰ ਕਾਂਗਰਸ ਦੀ ਆਪਸੀ ਫੁੱਟ ਕਾਰਨ ਕਾਂਗਰਸੀ ਉਮੀਦਵਾਰ ਸੋਨੀ ਰਾਜਾ ਸਾਂਸੀ ਹਲਕੇ ਜਿਸਦੀ ਨੁਮਾਇੰਦਗੀ ਸੁੱਖ ਸਰਕਾਰੀਆ ਕਰਦੇ ਹਨ ਚੋਂ 15000 ਤੋਂ ਵੱਧ ਫਰਕ ਨਾਲ ਹਾਰੇ ਸਨ ਅਤੇ ਇਸੇ ਤਰ੍ਹਾਂ ਅਜਨਾਲਾ ਤੋਂ ਤੇ ਮਜੀਠਾ ਹਲਕੇ ਤੋਂ ਵੀ ਹਾਰੇ ਸਨ। ਪਿਛਲੀ ਵਾਰ ਸੁੱਖ ਸਰਕਾਰੀਆ ਤੇ ਸੋਨੀਂ ਵਿੱਚ ਸਭ ਅੱਛਾ ਨਹੀਂ ਸੀ ਅਤੇ ਹੁਣ ਕੈਪਟਨ ਦੇ ਆਉਣ ਕਾਰਨ ਸੁੱਖ ਸਰਕਾਰੀਆ ਅੱਗੇ ਹੋ ਕੇ ਜ਼ੋਰ ਲਾ ਰਹੇ ਹਨ। ਜੇਤਲੀ ਨੂੰ ਸਿੱਖ ਵੋਟ ਸਿਰਫ ਅਕਾਲੀ ਦਲ ਕਰਕੇ ਹੀ ਪੈਣੀ ਹੈ ਜਦਕਿ ਕੈਪਟਨ ਪਾਰਟੀ ਦੀ ਥਾਂ ਆਪਣੀ ਪਹਿਚਾਣ ਕਾਰਲ ਵੀ ਸਿੱਖ ਵੋਟ ਲਿਜਾਣਗੇ। ਹੁਣ ਵੇਖਣ ਵਾਲੀ ਗੱਲ ਇਹ ਹੈ ਕੇ ਜੇਤਲੀ ਵਲੋਂ ਹਿੰਦੂ ਵੋਟਰਾਂ ਨੂੰ ਨਾਲ ਲਾਉਣ ਲਈ ਖੇਡਿਆ ਗਿਆ ਇਹ ਪੱਤਾ ਕਿਧਰੇ ਉਹਨਾ ਨੂੰ ਸਿੱਖ ਵੋਟਰਾਂ ਤੋ ਦੂਰ ਤਾਂ ਨਹੀਂ ਲੈ ਜਾਂਦਾ।

Send this to a friend