Skip to content
Independent perspectives. Global stories.
BREAKING

ਖਾਧ ਪਦਾਰਥਾਂ ਦੇ ਨਮੂਨਿਆਂ ਦੀ ਜਾਂਚ ਸਬੰਧੀ ਰਿਪੋਰਟਾਂ ’ਚ ਆਇਆ ਨਿਰੰਤਰ ਸੁਧਾਰ : ਪੰਨੂ

Share this story

ਚੰਡੀਗੜ੍ਹ, 18 ਨਵੰਬਰ (ਪੰਜਾਬ ਟਾਮਿਜ਼ ਬਿਊਰੋ)- ਸੂਬੇ ਵਿੱਚ ਖਾਧ ਪਦਾਰਥਾਂ ਦੀ ਨਿਰੰਤਰ ਜਾਂਚ ਸਦਕਾ ਖਾਣ ਵਾਲੇ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਸਬੰਧੀ ਰਿਪੋਰਟਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਫੂਡ ਅਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਗੁਣਵੱਤਾ ਤੇ ਖ਼ਰੇ ਨਾ ਉੱਤਰਨ ਵਾਲੇ ਸੈਂਪਲਾਂ ਵਿੱਚ ਭਾਰੀ ਗਿਰਵਾਟ ਆਈ ਹੈ। ਪਿਛਲੇ ਤਿੰਨ ਮਹੀਨਿਆਂ ਦੀਆਂ ਜਾਂਚ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪਰਖ਼ ਦੀ ਕਸਵੱਟੀ ਦੇ ਖ਼ਰੇ ਨਾ ਉਤਰਨ ਵਾਲੇ ਖਾਧ ਪਦਾਰਥਾਂ ਦੇ ਸੈਂਪਲ ਦੀ ਫੀਸਦ ਅਗਸਤ ਵਿੱਚ 46.5 ਸੀ ਅਤੇ ਸਤੰਬਰ ਵਿੱਚ ਇਹ ਘੱਟ ਕੇ 32.9 ਫੀਸਦ ਹੋ ਗਈ। ਜਦਕਿ ਅਕਤੂਬਰ ਮਹੀਨੇ ਵਿੱਚ ਅਜਿਹੇ ਸੈਂਪਲਾਂ ਦੀ ਗਿਣਤੀ 25.5 ਫੀਸਦ ਹੀ ਦਰਜ ਕੀਤੀ ਗਈ।
ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਜਾਂਚ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਬਣਾਏ ਰੱਖਣਾ ਫੂਡ ਸੇਫਟੀ ਦੇ ਮੁੱਢਲੇ ਟੀਚਿਆਂ ਵਿੱਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਅਗਸਤ ਮਹੀਨੇ ਵਿੱਚ ਦੁੱਧ ਉਤਪਾਦਾਂ ਨਾਲ ਸਬੰਧਤ ਕੁੱਲ 53.39 ਫੀਸਦ ਸੈਂਪਲ ਫੇਲ੍ਹ ਹੋਏ ਸਨ ਅਤੇ ਸਤੰਬਰ ਮਹੀਨੇ ਵਿੱਚ 42.33 ਫੀਸਦ ਜਦਕਿ ਅਕਤੂਬਰ ਇਹ ਫੀਸਦ ਘੱਟ ਕੇ ਮਹਿਜ਼ 32.81 ਹੀ ਰਹਿ ਗਈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜਿਹੇ ਗ਼ੈਰ ਮਿਆਰੀ ਸੈਂਪਲਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਪਰ ਦੁੱਧ ਤੇ ਦੁੱਧ ਉਤਪਾਦਾਂ ਦੇ 30 ਫੀਸਦ ਅਤੇ ਖਾਧ ਪਦਾਰਥਾਂ ਦੇ ਕੁੱਲ 25 ਫੀਸਦ ਸੈਂਪਲਾਂ ਦਾ ਫੇਲ੍ਹ ਹੋਣਾ ਇੱਕ ਚਿੰਤਾ ਦਾ ਵਿਸ਼ਾ ਅਤੇ ਚੁਣੌਤੀ ਹਾਲੇ ਵੀ ਬਰਕਰਾਰ ਹੈ। ਜਾਂਚ ਰਿਪੋਰਟਾਂ ਦੇ ਵਿਸਤ੍ਰਿਤ ਜਾਇਜ਼ੇ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਘਟੀਆ ਦਰਜੇ ਤੇ ਮਿਲਾਵਟੀ ਪਦਾਰਥਾਂ ਦੇ ਸੈਂਪਲਾਂ ਦੀ ਗਿਣਤੀ ਕਾਫੀ ਵੱਧ ਪਾਈ ਗਈ ਹੈ। ਫ਼ਰੀਦਕੋਟ ਤੇ ਫਾਜ਼ਿਲਕਾ ਜ਼ਿਲ੍ਹਿਆਂ ਤੋਂ ਲਏ ਗਏ ਸੈਂਪਲਾਂ ਵਿੱਚੋਂ 42 ਤੋਂ 45 ਫੀਸਦ ਮਾੜੇ ਦਰਜੇ ਦੇ ਪਾਏ ਗਏ। ਸ੍ਰੀ ਪੰਨੂ ਨੇ ਕਿਹਾ ਇਸ ਲਈ ਫੂਡ ਸੇਫਟੀ ਦੀ ਟੀਮਾਂ ਵੱਲੋਂ ਉਕਤ ਜ਼ਿਲ੍ਹਿਆਂ ਵਿੱਚ ਹੋਰ ਚੁਕੰਨੇ ਹੋਣ ਅਤੇ ਮਿਲਾਵਟਖੋਰਾਂ ਤੇ ਸ਼ਿਕੰਜਾ ਕਸਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਅਜਿਹੇ ਮਿਲਾਵਟੀ ਪਦਾਰਥਾਂ ਦੀ ਉਪਲਬਧਤਾ ਦੀ ਲੜੀ ਨੂੰ ਤੋੜਿਆ ਜਾ ਸਕੇ।

WRITTEN BY