ਸੰਗਰੂਰ, 25 ਅਕਤੂਬਰ (ਭਗਵੰਤ ਸਿੰਘ ਚੰਦੜ੍ਹ, ਸੁਖਦੇਵ ਸਿੰਘ ਦੇਬੀ)-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਰੀਜ਼ਨਲ ਟਰਾਂਸਪੋਰਟ ਅਥਾਰਟੀ ਦਫ਼ਤਰ ਸੰਗਰੂਰ ਵੱਲੋਂ ਸਤਵੰਤ ਮੋਟਰ ਨੇੜੇ ਪ੍ਰੇਮ ਬਸਤੀ ਰੋਡ ਵਿਖੇ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਲਗਾਇਆ ਗਿਆ। ਮੁਫ਼ਤ ਜਾਂਚ ਕੈਂਪ ਦੌਰਾਨ ਸਕੱਤਰ ਟਰਾਂਸਪੋਰਟ ਅਥਾਰਟੀ ਸ੍ਰੀ ਕਰਨਬੀਰ ਸਿੰਘ ਛੀਨਾ ਨੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਆਪਣੇ ਵਹੀਕਲ ਦੀ ਸਮੇਂ ਨਾਲ ਪ੍ਰਦੂਸ਼ਣ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਵਹੀਕਲਾਂ ਦੀ ਸਮੇਂ ਨਾਲ ਸਰਵਿਸ ਅਤੇ ਪ੍ਰਦੂਸ਼ਣ ਜਾਂਚ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਦੋ ਪਹੀਆਂ ਵਹੀਕਲਾਂ ਦੇ ਕਾਰਨ ਸ਼ਹਿਰ ’ਚ ਬਿਲਕੁੱਲ ਵੀ ਪ੍ਰਦੂਸ਼ਣ ਨਾ ਹੋਵੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਮੇਂ ਸਮੇਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਰੇਕ ਵਾਹਨ ਚਾਲਕ ਨੂੰ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਪ੍ਰਦੂਸ਼ਣ ਨਾਲ ਪੈਦਾ ਹੋਣ ਵਾਲੇ ਨੁਕਸਾਨ ਤੋਂ ਹੋਰਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਅਤੇ ਨਿਰੰਤਰ ਹਰੇਕ ਵਾਹਨ ਚਾਲਕ ਨੂੰ ਗੱਡੀਆਂ ਦੀ ਪ੍ਰਦੂਸ਼ਣ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸ੍ਰੀ ਛੀਨਾ ਨੇ ਕਿਹਾ ਕਿ ਦੋ ਪਹੀਆ ਵਾਹਨ ਚਾਲਕਾਂ ਨੂੰ ਤੇਜ਼ ਰਫਤਾਰ ਤੋਂ ਪਰਹੇਜ਼ ਕਰਨ ਦੇ ਨਾਲ ਹੈਲਮੈਟ ਦਾ ਇਸਤੇਮਾਲ ਲਾਜ਼ਮੀ ਕਰਨਾ ਚਾਹੀਦਾ ਹੈ, ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਹਰੇਕ ਵਾਹਨ ਚਾਲਕ ਨੂੰ ਆਪਣੀਆਂ ਗੱਡੀਆਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ।
ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਹਿਯੋਗ ਕਰਨ ਦੋ ਪਹੀਆ ਵਾਹਨ ਚਾਲਕ : ਸਕੱਤਰ ਟਰਾਂਸਪੋਰਟ ਅਥਾਰਟੀ



