June 24, 2026 10:26 pm

ਬਰਨਾਲਾ ਵੱਲੋਂ ਕਾਂਗਰਸ ਨੂੰ ਹਮਾਇਤ ਦੇਣੀ ਕੋਈ ਅਚੰਭਾ ਨਹੀਂ : ਰਾਮੂਵਾਲੀਆ

ਮੇਰੇ ਸਮਰੱਥਕਾਂ ’ਤੇ ਵੀ ਕਾਂਗਰਸ ਨੂੰ ਵੋਟਾਂ ਪਾਉਣ ਦਾ ਪਾਇਆ ਸੀ ਦਬਾਅ

image ਬਰਨਾਲਾ, 23 ਮਾਰਚ (ਕੁਲਦੀਪ ਸੂਦ)-ਅਕਾਲੀ ਦਲ (ਲੌਂਗੋਵਾਲ) ਦੇ ਆਗੂ ਸੁਰਜੀਤ ਸਿੰਘ ਬਰਨਾਲਾ ਵੱਲੋਂ ਕਾਂਗਰਸ ਨੂੰ ਬੀਤੇ ਕੱਲ੍ਹ ਬਿਨਾ ਸ਼ਰਤ ਹਮਾਇਤ ਦੇਣ ਤੋਂ ਬਾਅਦ ਟਿਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰੈ¤ਸ ਰੀਲਿਜ਼ ਰਾਹੀਂ ਕਿਹਾ ਕਿ ਬਰਨਾਲਾ ਵੱਲੋਂ ਕਾਂਗਰਸ ਨੂੰ ਹਮਾਇਤ ਦੇਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਕਿਉਂਕਿ ਉਹ ਤਾਂ ਪਹਿਲਾਂ ਹੀ ਹਰ ਚੋਣਾਂ ਵਿੱਚ ਕਾਂਗਰਸ ਦੀ (ਬੀ) ਟੀਮ ਵਜੋਂ ਹਲਕੇ ਵਿੱਚ ਵਿਚਰਦੇ ਆ ਰਹੇ ਹਨ, ਜਿਸ ਨੂੰ ਸੰਗਰੂਰ ਹਲਕੇ ਦੇ ਲੋਕ ਭਲੀਭਾਂਤ ਜਾਣਦੇ ਹਨ।ਸ. ਰਾਮੂਵਾਲੀਆ ਨੇ ਕਿਹਾ ਕਿ ਸ. ਬਰਨਾਲਾ ਨੇ ਹਮੇਸ਼ਾ ਆਪਣੇ ਪਰਿਵਾਰ ਦਾ ਸਿਆਸੀ ਭਵਿੱਖ ਬਣਾਉਣ ਲਈ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕਾਂਗਰਸ ਨਾਲ ਸੌਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ. ਬਰਨਾਲਾ ਨੇ ਕਦੇ ਵੀ

ਰਾਜੀਵ-ਲੌਂਗੋਵਾਲ ਸਮਝੌਤੇ ਦੀਆਂ ਪੰਜਾਬ ਪੱਖੀ ਮੰਗਾਂ ਨੂੰ ਮਨਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਇੱਥੋਂ ਤੱਕ ਚੰਡੀਗੜ੍ਹ ਦਾ ਪੰਜਾਬ ਨੂੰ ਤਬਾਦਲੇ ਦਾ ਫ਼ੈਸਲਾ ਵੀ ਸਿਰੇ ਨਹੀਂ ਚੜਵਾਇਆ ਅਤੇ ਨਾ ਹੀ ਕਦੇ ਜੂਨ ’84 ਦੇ ਦੰਗਿਆਂ ਦੀ ਕੋਈ ਗੱਲ ਉਭਾਰੀ। ਸਗੋਂ ਸ. ਸੁਖਦੇਵ ਸਿੰਘ ਢੀਂਡਸਾ ਨੇ ਲੋਕ ਸਭਾ ਵਿੱਚ ਬੜੇ ਜ਼ੋਰ ਸ਼ੋਰ ਨਾਲ ਆਵਾਜ਼ ਬੁਲੰਦ ਕੀਤੀ ਸੀ। ਇਸ ਸਮੇਂ ਸ੍ਰੀ ਰਾਮੂਵਾਲੀਆ ਨੇ ਬਰਨਾਲਾ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਕਾਂਗਰਸ ਪਾਸ ਗਿਰਵੀ ਰੱਖਣ ਦੀ ਨੀਯਤ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਪੁੱਟਣ ਦੀ ਖ਼ੁਦ ਨਿਗਰਾਨੀ ਵੀ ਕੀਤੀ ਸੀ ਜਿਸਦਾ ਇਤਿਹਾਸ ਗਵਾਹ ਹੈ। ਸ. ਰਾਮੂਵਾਲੀਆ ਨੇ ਇਸ ਸਮੇਂ ਇਹ ਵੀ ਇੰਕਸਾਫ਼  ਕੀਤਾ ਕਿ ਜਦੋ ਉਹ 2009 ਵਿੱਚ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਹੁੰਦਿਆਂ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਤਾਂ ਉਸ ਸਮੇਂ ਸ. ਬਰਨਾਲਾ ਧੜੇ ਦੇ ਆਗੂਆਂ ਵੱਲੋਂ (ਲੋਭਪਾ) ਦੇ ਸਮਰੱਥਕਾਂ ਤੇ ਕਾਂਗਰਸ ਨੂੰ ਵੋਟਾਂ ਪਾਉਣ ਦਾ ਦਬਾਅ ਪਾਇਆ ਜਾਂਦਾ ਸੀ ਪਰ ਹੁਣ ਸ. ਸੁਰਜੀਤ ਸਿੰਘ ਬਰਨਾਲਾ ਵੱਲੋ ਕਾਂਗਰਸ ਨੂੰ ਬਿਨਾ ਸ਼ਰਤ ਹਮਾਇਤ ਦੇਣ ਤੋਂ ਬਾਅਦ ਉਨ੍ਹਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ।

Send this to a friend