ਜਗਰਾਉਂ, 21 ਅਕਤੂਬਰ – ਸ਼ਹਿਰ ’ਚ ਲੁਟੇਰੇ ਬੇਖੌਫ ਆਏ ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮੇ ਹੋਏ ਹਨ। ਬੀਤੀ ਰਾਤ 9-10 ਵਜੇ ਦੇ ਕਰੀਬ ਸਥਾਨਕ ਹੀਰਾ ਬਾਗ ਵਿਖੇ ਕੋਲਡ ਸਟੋਰ ਦੇ ਮਾਲਕ ਦੀ ਰਿਹਾਇਸ਼ ’ਤੇ 5 ਅਣਪਛਾਤੇ ਲੁਟੇਰਿਆਂ ਵੱਲੋਂ ਘਰ ’ਚ ਦਾਖਲ ਹੋ ਕੇ 14 ਲੱਖ ਦੀ ਨਕਦੀ, 60 ਤੋਲੇ ਸੋਨਾ ਤੇ 2 ਐਕਟਿਵਾ ਲੁੱਟ ਕੇ ਫਰਾਰ ਹੋ ਗਏ। ਘਟਨਾ ਸਥਾਨ ਮੌਕੇ ’ਤੇ ਐਸ. ਐਚ. ਓ. ਰਣਧੀਰ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਵੀਰ ਸਿੰਘ ਤੇ ਚੌਕੀ ਇੰਚਾਰਜ ਹਰਮੇਸ਼ ਕੁਮਾਰ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ। ਜਾਣਕਾਰੀ ਅਨੁਸਾਰ ਨਛੱਤਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਹੀਰਾ ਬਾਗ ਨੇ ਦੱਸਿਆ ਰਾਤ ਤਕਰੀਬਨ 9-10 ਵਜੇ ਦੇ ਕਰੀਬ ਅਸੀ ਘਰ ’ਚ ਬੈਠੇ ਸੀ ਤਾਂ ਅਚਾਨਕ 4-5 ਅਣਪਛਾਤੇ ਲੁਟੇਰਿਆਂ ਨੇ ਅੰਦਰ ਦਾਖਲ ਹੋ ਕੇ ਬੱਚਿਆਂ ਨੂੰ ਬੰਧਕ ਬਣਾਇਆ ਤੇ ਲੁਟੇਰਿਆਂ ਦੇ ਮੂੰਹ ਢੱਕੇ ਹੋਏ ਸਨ ਤੇ ਮਾਰੂ ਹਥਿਆਰਾਂ ਨਾਲ ਲੈਸ ਸਨ। ਲੁਟੇਰਿਆਂ ਨੇ ਮੇਰੇ ਅਤੇ ਮੇਰੇ ਬੇਟੇ ਦੀ ਕੁੱਟਮਾਰ ਵੀ ਕੀਤੀ ਤੇ ਘਰ ’ਚ ਪਏ 14 ਲੱਖ ਰੁਪਏ, 60 ਤੋਲੇ ਸੋਨਾ ਅਤੇ 2 ਐਕਟਿਵਾ ਲੈ ਕੇ ਫਰਾਰ ਹੋ ਗਏ। ਨਛੱਤਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦਾ ਸਾਡੇ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਐਸ. ਐਚ. ਓ. ਰਣਧੀਰ ਸਿੰਘ ਨੇ ਦੱਸਿਆ ਕਿ 5 ਅਣਪਛਾਤੇ ਲੁਟੇਰਿਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ’ਚ ਮਾਮਲਾ ਦਰਜ ਕੀਤਾ ਗਿਆ। ਲੁਟੇਰਿਆਂ ਵੱਲੋਂ ਲੈ ਕੇ ਗਏ ਐਕਟਿਵਾ ਵਿਚੋਂ ਇਕ ਐਕਟਿਵਾ ਮੁੱਲਾਂਪਰ-ਦਾਖਾ ਤੋਂ ਮਿਲ ਗਈ ਹੈ।
ਬੰਧਕ ਬਣਾਕੇ ਲੁਟੇਰੇ 14 ਲੱਖ, 60 ਤੋਲੇ ਸੋਨਾ ਤੇ 2 ਐਕਟਿਵਾ ਲੈ ਕੇ ਫਰਾਰ



