June 25, 2026 6:21 am

ਸੁਰਜੀਤ ਸਿੰਘ ਬਰਨਾਲਾ ਕਾਂਗਰਸ ’ਚ ਸ਼ਾਮਿਲ

ਅਕਾਲੀ ਦਲ ਲੌਂਗੋਵਾਲ ਦਾ ਕਾਂਗਰਸ ’ਚ ਰਲੇਵਾਂ

image ਚੰਡੀਗੜ੍ਹ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ 1985 ਤੋਂ ਲੈ ਕੇ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਅਤੇ 1998 ਵਿੱਚ ਅਕਾਲੀ ਦਲ ਦੀ ਟਿਕਟ ’ਤੇ ਹੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਕੇ ਕੇਂਦਰ ਸਰਕਾਰ ਵਿੱਚ ਮੰਤਰੀ ਰਹੇ ਸੁਰਜੀਤ ਸਿੰਘ ਬਰਨਾਲਾ ਸ਼ਨੀਵਾਰ ਨੂੰ ਕਾਂਗਰਸੀ ਹੋ ਗਏ। ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪ੍ਰਧਾਨ ਹੈ ਅਤੇ ਇਨ੍ਹਾਂ ਦੋਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦਾ ਹੁਣ

ਕਾਂਗਰਸ ਵਿੱਚ ਰਲੇਵਾਂ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਰਜੀਤ ਸਿੰਘ ਬਰਨਾਲਾ ਅਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦਾ ਪਾਰਟੀ ਵਿੱਚ ਆਉਣ ’ਤੇ ਸੁਆਗਤ ਕੀਤਾ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਕੇਂਦਰ ਵਿੱਚ ਕੱਟੜਪੰਥੀ ਤਾਕਤਾਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਬਿਨਾ ਸ਼ਰਤ ਕਾਂਗਰਸ ਨੂੰ ਸਮਰਥਨ ਦੇਣ ਜਾ ਰਿਹਾ ਹੈ।
ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੇ ਰਾਜ ’ਚ ਨਸ਼ੇ ਫੈਲ ਰਹੇ ਹਨ ਅਤੇ ਸੂਬੇ ਦਾ ਨੌਜਵਾਨ ਬੇਰੋਜ਼ਗਾਰੀ ਕਾਰਨ ਪ੍ਰੇਸ਼ਾਨ ਹੈ। ਲਿਹਾਜਾ ਕਾਂਗਰਸ ਹੀ ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਲਈ ਮਦਦਗਾਰ ਸਿੱਧ ਹੋ ਸਕਦੀ ਹੈ। ਚੋਣਾਂ ਦਾ ਮੌਸਮ ਆਉਂਦਿਆਂ ਹੀ ਵੱਖ-ਵੱਖ ਆਗੂਆਂ ਵੱਲੋਂ ਪਾਲੇ ਬਦਲਣ ਦਾ ਕੰਮ ਚੱਲਦਾ ਰਹਿੰਦਾ ਹੈ। ਸ਼ਨਿਚਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਸੁਰਜੀਤ ਸਿੰਘ ਬਰਨਾਲ ਤਾਂ ਅਕਾਲੀ ਦਲ ਬਾਦਲ ਖਿਲਾਫ ਜ਼ਿਆਦਾ ਨਹੀਂ ਬੋਲੇ ਪਰ ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਨੇ ਭਾਰਤੀ ਜਨਤਾ ਪਾਰਟੀ ਖਿਲਾਫ ਜੰਮ ਕੇ ਭੜਾਸ ਕੱਢੀ। ਸੁਰਜੀਤ ਸਿੰਘ ਬਰਨਾਲਾ ਦੇ ਕਾਂਗਰਸ ’ਚ ਸ਼ਾਮਿਲ ਹੋਣ ਤੋਂ ਬਾਅਦ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਕਿੰਨਾ ਫਾਇਦਾ ਹੁੰਦਾ ਹੈ, ਇਹ ਤਾਂ ਫਿਲਹਾਲ ਸਮਾਂ ਹੀ ਤੈਅ ਕਰੇਗਾ, ਪਰ ਇੱਕ ਗੱਲ ਸਾਫ ਹੋ ਗਈ ਹੈ ਕਿ ਅਕਾਲੀ ਦਲ ਵੱਲੋਂ ਵਿਸਾਰੇ ਗਏ ਬਹੁਤੇ ਆਗੂਆਂ ਲਈ ਕਾਂਗਰਸ ਹੀ ਹੁਣ ਆਖਰੀ ਸਹਾਰਾ ਬਣਦੀ ਜਾ ਰਹੀ ਹੈ।

Send this to a friend