ਚੰਡੀਗੜ੍ਹ, 22 ਮਾਰਚ (ਵਿਸ਼ਵ ਵਾਰਤਾ)-ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਉਨ੍ਹਾਂ ’ਤੇ ਪ੍ਰਗਟਾਏ ਵਿਸ਼ਵਾਸ ਅਤੇ ਅਗਾਮੀ ਲੋਕ ਸਭਾ ਚੋਣਾਂ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਤੋਂ ਉਮੀਦਵਾਰ ਬਣਾਉਣ ਲਈ ਧੰਨਵਾਦ ਪ੍ਰਗਟ ਕੀਤਾ ਹੈ।ਇਥੇ ਜਾਰੀ ਬਿਆਨ ’ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਤੋਂ ਚੋਣ ਲੜ ਕੇ ਮਾਣਿਆ ਮਹਿਸੂਸ ਕਰ ਰਹੇ ਹਨ, ਜਿਸ ਪ੍ਰਤੀ ਉਨ੍ਹਾਂ ਦੇ ਮਨ ’ਚ ਗਹਿਰੀ ਸ਼ਰਧਾ ਤੇ
ਭਾਵਨਾਤਮਕ ਰਿਸ਼ਤਾ ਹੈ। ਇਸ ਤੋਂ ਇਲਾਵਾ, ਉਹ ਅੰਮ੍ਰਿਤਸਰ ਤੇ ਇਸਦੇ ਲੋਕਾਂ ਨਾਲ ਕਰੀਬ ਚਾਰ ਦਹਾਕਿਆਂ ਤੋਂ ਨਜ਼ਦੀਕੀ ਨਾਲ ਜੁੜੇ ਰਹੇ ਹਨ। ਉਹ ਇਸ ਪਵਿੱਤਰ ਸ਼ਹਿਰ ਦੀ ਪੂਜਨੀਕ ਮਿੱਟੀ ਨੂੰ ਮੱਥਾ ਟੇਕਦੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਦੇਸ਼ ਦੇ ਲੋਕਤੰਤਰ ਦੇ ਸੱਭ ਤੋਂ ਵੱਡੇ ਮੰਦਰ ਪਾਰਲੀਮੈਂਟ ’ਚ ਇਥੋਂ ਦੇ ਲੋਕਾਂ ਦੀ ਅਗਵਾਈ ਕਰਨ ਅਤੇ ਹੋਰ ਨਜ਼ਦੀਕੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੂੰ ਆਸ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਹਮੇਸ਼ਾ ਤੋਂ ਉਨ੍ਹਾਂ ’ਤੇ ਕੀਤੀ ਜਾਣ ਵਾਲੀ ਪਿਆਰ ਤੇ ਲਗਾਅ ਦੀ ਵਰਖਾ ਜ਼ਾਰੀ ਰਹੇਗੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਭਰ ਅਤੇ ਖਾਸ ਕਰਕੇ ਅੰਮ੍ਰਿਤਸਰ ਤੋਂ ਲੋਕਾਂ ਦੇ ਵਧਾਈ ਦਾ ਸੰਦੇਸ਼ ਦਿੰਦੇ ਫੋਨ ਆ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੁਨਿਸ਼ਚਿਤ ਕਰਨਗੇ ਕਿ ਅੰਮ੍ਰਿਤਸਰ ਤੋਂ ਉਮੀਦਵਾਰੀ ਮਿਲਣ ਤੋਂ ਬਾਅਦ ਸੂਬੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਵਿਚਾਲੇ ਉਨ੍ਹਾਂ ਪ੍ਰਤੀ ਪੈਦਾ ਹੋਈਆਂ ਉਮੀਦਾਂ ’ਤ ਖਰਾ ਉਤਰਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਅਕਾਲੀਆਂ ਦੀ ਪ੍ਰਤਾੜਨਾ ਅਤੇ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਦੀ ਅਵਾਜ਼ ਚੁੱਕਣਗੇ। ਇਸਨੂੰ ਉਹ ਇਸ ਲੋਕ ਸਭਾ ਹਲਕੇ ਅਤੇ ਖਾਸ ਕਰਕੇ ਮਜੀਠਾ ਵਰਗੇ ਵਿਧਾਨ ਸਭਾ ਹਲਕੇ ’ਚ ਦੁਸ਼ਮਣੀ ਦੀ ਸਿਆਸਤ ਦਾ ਸਾਹਮਣਾ ਕਰ ਰਹੇ ਲੋਕਾਂ ਨਾਲ ਹੋਰ ਨਜ਼ਦੀਕੀ ਨਾਲ ਜੁੜਨ ਦਾ ਮੌਕਾ ਮੰਨਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਨਾਮਜ਼ਦ ਕੀਤਾ ਹੈ ਅਤੇ ਇਕ ਅਨੁਸ਼ਾਸਿਤ ਸਿਪਾਹੀ ਵਜੋਂ ਉਨ੍ਹਾਂ ਨੇ ਨਿਮਰਤਾ ਨਾਲ ਪਾਰਟੀ ਦਾ ਫੈਸਲਾ ਮੰਨਿਆ ਹੈ। ਉਹ ਇਹ ਵੀ ਸੁਨਿਸ਼ਚਿਤ ਕਰਨਗੇ ਕਿ ਅੰਮ੍ਰਿਤਸਰ ਦੇ ਲੋਕਾਂ ਦੀ ਅਵਾਜ਼ ਦੇਸ਼ ਦੀ ਸੱਭ ਤੋਂ ਉੱਚੀ ਵਿਧਾਨਿਕ ਸੰਸਥਾ ’ਚ ਚੁੱਕੀ ਜਾਵੇ। ਉਨ੍ਹਾਂ ਦੀ ਪ੍ਰਾਥਮਿਕਤਾ ਲੋਕਾਂ ਪਾਸੋਂ ਉਨ੍ਹਾਂ ’ਤੇ ਪ੍ਰਗਟਾਏ ਗਏ ਵਿਸ਼ਵਾਸ, ਪਿਆਰ ਅਤੇ ਲਗਾਅ ਨੂੰ ਵਾਪਸ ਮੋੜਨਾ ਰਹੇਗੀ।