ਨਵੀਂ ਦਿੱਲੀ, 22 ਮਾਰਚ (ਪੀ.ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਤੋਂ ਬਾਅਦ ਕਿ ਐਨ.ਡੀ.ਏ. ਦੇ ਸੱਤਾ ਵਿੱਚ ਆਉਣ ਨਾਲ ਭਾਜਪਾ ਨੇਤਾ ਅਰੁਣ ਜੇਤਲੀ ਨੂੰ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ, ਨੂੰ ਤਵੱਜੋਂ ਨਾ ਦਿੰਦਿਆਂ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੇ ਬੜੇ ਨਿੱਘੇ ਸਬੰਧ ਹਨ। ਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ। ਇਸ ਤਰ੍ਹਾਂ ਦੇ ਬਿਆਨ ਚੋਣ-ਪ੍ਰਚਾਰ ਦੌਰਾਨ ਦਿੱਤੇ ਗਏ ਹਨ, ਜਦਕਿ ਇਸ ਸਬੰਧੀ ਭਾਜਪਾ ਦੇ ਬੁਲਾਰੇ ਮੁਖ਼ਤਾਰ ਅੱਬਾਸ
ਨਕਵੀ ਨੇ ਕਿਹਾ ਕਿ ਬਾਦਲ ਨੇ ਤਾਂ ਕੇਵਲ ਆਪਣੀ ਰਾਏ ਪ੍ਰਗਟਾਈ ਹੈ। ਨਕਵੀ ਨੇ ਕਿਹਾ ਕਿ ਸ. ਬਾਦਲ ਇਕ ਸੀਨੀਅਰ ਆਗੂ ਹਨ, ਉਨ੍ਹਾਂ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ। ਦੂਜੇ ਪਾਸੇ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਬਾਦਲ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਮੋਦੀ ਨੂੰ ਪ੍ਰਧਾਨ ਮੰਤਰੀ ਤਾਂ ਬਣਨ ਦਿੱਤਾ ਜਾਵੇ, ਉਸ ਤੋਂ ਬਾਅਦ ਅਸੀਂ ਉੱਪ ਪ੍ਰਧਾਨ ਮੰਤਰੀ ਦੇ ਬਾਰੇ ਗੱਲ ਕਰਾਂਗੇ।