ਬਾਦਲ ਪਰਿਵਾਰ ਪਿਆ ਅਲੱਗ-ਥਲੱਗ
ਚੰਡੀਗੜ੍ਹ, 16 ਅਕਤੂਬਰ- ਬਾਦਲ ਪਰਿਵਾਰ ਤੋਂ ਖਫਾ ਸ਼੍ਰੋਮਣੀ ਅਕਾਲੀ ਦਲ ਦੇ ਮਾਝਾ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਪੱਸ਼ਚਾਤਾਪ ਕੀਤਾ ਗਿਆ। ਆਗੂਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਬਾਅਦ ਕਿਹਾ ਕਿ ਉਨ੍ਹਾਂ ਨੇ ਮਥਾ ਟੇਕ ਕੇ ਭੁਲ ਬਖਸ਼ਾਈ ਹੈ।ਭਾਵੇਂ ਪਹਿਲਾਂ ਇਹ ਚਰਚਾ ਸੀ ਕਿ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ, ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਲਈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਨੇਤਾਵਾਂ ਵਿੱਚ ਡਾ. ਰਤਨ ਸਿੰਘ ਅਜਨਾਲਾ, ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜੱਥੇ. ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ, ਸ. ਮਨਮੋਹਨ ਸਿੰਘ ਸਠਿਆਲਾ, ਸ. ਰਵੀਇੰਦਰ ਸਿੰਘ ਬ੍ਰਹਮਪੁਰਾ ਤੇ ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਸੀ। ਇਹ ਆਗੂ ਅਕਾਲੀ ਦਲ ਦੀ ਪਟਿਆਲਾ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ ਸੀ।ਦਿਲਚਸਪ ਗਲ਼ ਹੈ ਕਿ ਬਾਦਲ ਪਰਿਵਾਰ ਨੇ ਇਨ੍ਹਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਦੂਸਰੇ ਪਾਸੇ ਸਿੱਖ ਸੰਗਤਾਂ ਦੇ ਰੋਹ ਕਾਰਨ ਬਾਦਲ ਪਰਿਵਾਰ ਅਲੱਗ-ਥਲੱਗ ਪੈਂਦਾ ਜਾ ਰਿਹਾ ਹੈ।



