ਫ਼ਰੀਦਕੋਟ- ਬੇਅਦਬੀ ਮਾਮਲਿਆਂ ਦਾ ਰੋਸ ਪ੍ਰਗਟ ਕਰ ਰਹੇ ਸਿਖਾਂ ‘ਤੇ ਚਲੀ ਗੋਲ਼ੀ ਵਿਚ ਜ਼ਖ਼ਮੀ ਹੋਏ ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਰਕਰਾਂ ਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਅਹਿਮ ਖੁਲਾਸਾ ਕੀਤਾ ਹੈ।ਨੌਜਵਾਨ ਨੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਸਰਕਾਰ ਵਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਕੋਲ ਖੁਲਾਸਾ ਕੀਤਾ ਹੈ ਕਿ ਅਕਾਲੀ ਆਗੂਆਂ ਤੇ ਪੁਲਿਸ ਕਰਮਚਾਰੀਆਂ ਨੇ ਉਸ ਦੇ ਬਿਆਨ ਦਰਜ ਹੀ ਨਹੀਂ ਹੋਣ ਦਿਤੇ।ਜੈਤੋ ਦੇ ਰੋੜੀ ਕਪੂਰਾ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਦਸਿਆ ਕਿ ਉਹ 14 ਅਕਤੂਬਰ, 2015 ਨੂੰ ਕੋਟਕਪੂਰਾ ਚੌਕ ਵਿਚ ਸੰਗਤ ਨਾਲ ਲੰਗਰ ਲੈ ਕੇ ਆਇਆ ਸੀ। ਉਸ ਸਮੇਂ ਪੁਲਿਸ ਨੇ ਲੋਕਾਂ ਨੂੰ ਉਥੋਂ ਖਦੇੜਨਾ ਸ਼ੁਰੂ ਕਰ ਦਿਤਾ। ਉਸ ਨੇ ਦਸਿਆ ਕਿ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸੇ ਦੌਰਾਨ ਉਸ ਦੇ ਪਟ ਵਿਚ ਗੋਲ਼ੀ ਵੀ ਲਗੀ।



