ਅੰਮ੍ਰਿਤਸਰ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਬੀਤੇ ਦਿਨੀ ਇੱਕ ਅੰਮ੍ਰਿਤਧਾਰੀ ਸਿੱਖ ਨੌਜੁਆਨ ਦੀ ਕੁਝ ਲੋਕਾਂ ਵੱਲੋਂ ਕੀਤੀ ਕੁਟਮਾਰ ਅਤੇ ਕਕਾਰਾਂ ਦੀ ਬੇਅਦਬੀ ਲਈ ਦੋਸ਼ੀਆਂ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈਕੇ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਪੁਲਿਸ ਕਮਿਸ਼ਨਰ ਦੇ ਨਾਮ ਇਕ ਮੰਗ ਪੱਤਰ ਦਿੱਤਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਸੁਸਾਇਟੀ, ਦਮਦਮੀ ਟਕਸਾਲ ਅਜਨਾਲਾ ਦੇ ਸੈਂਕੜੇ ਵਰਕਰ ਭਾਈ ਬਲਵੰਤ ਸਿੰਘ ਗੋਪਾਲਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ
ਸਾਹਿਬ ਵਿਖੇ ਇਕੱਤਰ ਹੋਏ ਜਿਥੋਂ ਇਹ ਇਕ ਮਾਰਚ ਦੀ ਸ਼ਕਲ ਵਿੱਚ ਇਤਿਹਾਸਕ ਗੁਰਦੁਆਰਾ ਲੋਹਗੜ੍ਹ ਸਾਹਿਬ ਪੁਜੇ। ਨੌਜਵਾਨਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਅਜਨਾਲਾ ਦੇ ਮੁਖ ਸੇਵਾਦਾਰ ਭਾਈ ਅਮਰੀਕ ਸਿੰਘ,ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਜਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚਿਤਾਵਨੀ ਦੇਣ ਲਈ ਹੈ ਕਿ ਸਿੱਖ ਦੀ ਦਸਤਾਰ ਹੀ ਉਸਦਾ ਮਾਣ ਸਨਮਾਨ ਹੈ ਅਤੇ ਇਸ ਦਸਤਾਰ ਲਈ ਉਸਨੇ ਲਾਸਾਨੀ ਕੁਰਬਾਨੀਆਂ ਕੀਤੀਆਂ ਹਨ ਤਾਂ ਜਾਕੇ ਸਰਦਾਰੀ ਪਾਈ ਹੈ ਤੇ ਇਸੇ ਸਰਦਾਰੀ ਦੇ ਇੱਵਜ ਇਹ ਦਸਤਾਰ ਸਿਰ ਤੇ ਸੋਹਂਦੀ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਸਾਡੀ ਖਾਮੋਸ਼ੀ ਨੂੰ ਸਾਡੀ ਕਮਜੌਰੀ ਨਾ ਸਮਝੇ ਇਸ ਲਈ ਭਾਈ ਜਸਮੀਤ ਸਿੰਘ ਦੀ 15 ਮਾਰਚ ਨੂੰ ਕੁਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰੇ ਤੇ ਮੌਕੇ ਤੇ ਮੌਜੂਦ ਜਿਹੜੇ ਪੁਲਿਸ ਅਧਿਕਾਰੀਆਂ ਨੇ ਦੌਸ਼ੀਆਂ ਖਿਲਾਫ ਢਿੱਲ ਵਰਤੀ ਹੈ ਉਨ੍ਹਾਂ ਨੂੰ ਮੁਅਤਲ ਕਰਕੇ ਘਰ ਦਾ ਰਾਹ ਵਿਖਾਵੇ।ਇਸ ਅਸਥਾਨ ਤੋਂ ਵਿਸ਼ਾਲ ਮਾਰਚ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਸਿੰਘ ਇਕ ਜਲੂਸ ਦੀ ਸ਼ਕਲ ਵਿਚ ਸਥਾਨਕ ਹਾਲ ਗੇਟ ਪੁਜੇ ਜਿਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਨੇ ਮੰਗ ਪਤਰ ਹਾਸਿਲ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ। ਅੱਜ ਦੇ ਇਸ ਮਾਰਚ ਵਿਚ ਭਾਈ ਸਤਨਾਮ ਸਿੰਘ ਕਾਹਲੋਂ ,ਭਾਈ ਰਣਜੀਤ ਸਿੰਘ ,ਭਾਈ ਲਾਲ ਸਿੰਘ,ਭਾਈ ਵਰਿਆਮ ਸਿੰਘ,ਭਾਈ ਪਰਤਾਪ ਸਿੰਘ ਫੌਜੀ,ਭਾਈ ਸੁਖਦੇਵ ਸਿੰਘ ਨਾਗੋਕੇ,ਭਾਈ ਦਿਲਬਾਗ ਸਿੰਘ ਨਾਗੋਕੇ ,ਭਾਈ ਪਪਲਪ੍ਰੀਤ ਸਿੰਘ ,ਭਾਈ ਬਲਜੀਤ ਸਿੰਘ ਰਾਗੀ ਦਮਦਮੀ ਟਕਸਾਲ,ਭਾਈ ਹਰਦੀਪ ਸਿੰਘ ਦਲ ਖਾਲਸਾ ਅਤੇ ਭਾਈ ਰਜੇਸ਼ ਸਿੰਘ ਬੱਗਾ ,ਭਾਈ ਕਰਤਾਰ ਸਿੰਘ ਪ੍ਰਮੁਖ ਤੌਰ ਤੇ ਸ਼ਾਮਿਲ ਸਨ।
ਇਸਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਪੇ ਜਾਣ ਦੇ ਮਾਮਲੇ ਤੇ ਕੁਝ ਸਿੰਘਾਂ ਨੇ ਨਰਾਜਗੀ ਜਿਤਾਈ ਤਾਂ ਭਾਈ ਅਮਰੀਕ ਸਿੰਘ ਨੇ ਸਪਸ਼ਟ ਕਹਿ ਦਿੱਤਾ ਕਿ ਜੇਕਰ ਕਿਸੇ ਨੂੰ ਸਾਡੇ ਤੇ ਵਿਸ਼ਵਾਸ਼ ਹੀ ਨਹੀ ਹੈ ਤਾਂ ਉਹ ਆਪਣੇ ਤੌਰ ਤੇ ਜੋ ਰਾਹ ਅਪਨਾਉਣਾ ਚਾਹੁੰਦਾ ਹੈ ਅਪਣਾ ਲਵੇ ਉਹ ਸਾਥ ਨਹੀ ਦੇਣਗੇ । ਕੋਈ 15 ਮਿੰਟ ਬਾਅਦ ਹੀ ਨਾਰਾਜ ਨੌਜੁਆਨਾਂ ਨੇ ਸਹਿਮਤੀ ਪ੍ਰਗਟਾਈ ਕਿ ਭਾਈ ਅਮਰੀਕ ਸਿੰਘ ਦੀ ਰਾਏ ਤੇ ਅਗਵਾਈ ਹੀ ਸਹੀ ਹੈ । ਇਸ ਮੌਕੇ ਏ.ਸੀ.ਪੀ. ਮਨਵਿੰਦਰ ਸਿੰਘ ,ਬਲਕਾਰ ਸਿੰਘ ਅਤੇ ਏ.ਐਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਰਹੀ।