ਅਸਤੀਫੇ ਦੀ ਖ਼ਬਰ ਤੋਂ ਬਾਅਦ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼
ਨਵੀਂ ਦਿੱਲੀ, 9 ਅਕਤੂਬਰ- ਦਿੱਲੀ ਦੇ ਖ਼ਬਰਾਂ ਵਿੱਚ ਰਹਿਣ ਵਾਲੇ ਅਕਾਲੀ ਆਗੂ ਸ. ਮਨਜੀਤ ਸਿੰਘ ਜੀਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੱਖ ਹੋ ਗਏ ਹਨ। ਬੇਸ਼ੱਕ ਪਹਿਲਾਂ ਪਾਰਟੀ ਤੋਂ ਨਾਰਾਜ਼ਗੀ ਕਾਰਨ ਉਨ੍ਹਾਂ ਦੇ ਅਸਤੀਫੇ ਦੀ ਖਬਰ ਆਈ ਸੀ। ਬਾਅਦ ਵਿੱਚ ਉਨ੍ਹਾਂ ਨੇ ਇਸ ਦਾ ਖੰਡਣ ਕਰਦਿਆਂ ਇਹ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਅਹੁਦੇ ਤੋਂ ਅਸਤੀਫਾ ਨਹੀਂ ਦਿਤਾ। ਸਗੋਂ ਅਗਲੇ 15 ਦਿਨ ਦਿਲੀ ‘ਚ ਨਾ ਹੋਣ ਕਾਰਨ ਪ੍ਰਧਾਨਗੀ ਦਾ ਚਾਰਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਹੈ।ਜੀਕੇ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਨਹੀਂ ਆ ਰਹੇ।ਜੀਕੇ ਨੇ ਕਿਹਾ ਕਿ ਉਹ ਅਗਲੇ ਦੋ ਹਫ਼ਤੇ ਨਿਜੀ ਕੰਮਾਂ ‘ਚ ਰੁਝੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਮੰਨਿਆ ਕਿ ਅਕਾਲੀ ਦਲ ਵਿੱਚ ਸਭ ਅੱਛਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਕਾਲੀ ਦਲ ਛੱਡਣਗੇ ਨਹੀਂ। ਸੰਕੇਤਕ ਤੌਰ ’ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਕੰਮਕਾਜ ਉਪਰ ਟਿੱਪਣੀ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ‘ਚ ਟਕਸਾਲੀ ਲੀਡਰਾਂ ਤੇ ਅਜ ਦੇ ਲੀਡਰਾਂ ‘ਚ ਆਪਸੀ ਤਾਲਮੇਲ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗਾ।ਉਨ੍ਹਾਂ ਇਹ ਵੀ ਮੰਨਿਆ ਕਿ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਹੈ।
ਇਸ ਦੌਰਾਨ ਸ੍ਰੀ ਜੀਕੇ ਦੇ ਸਾਬਕਾ ਸਾਥੀ ਅਤੇ ਦਿੱਲੀ ਕਮੇਟੀ ਦੇ ਚਰਚਿਤ ਮੈਂਬਰ ਸ. ਗੁਰਮੀਤ ਸਿੰਘ ਸ਼ੰਟੀ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਕਮੇਟੀ ਵਿੱਚ ਭ੍ਰਿਸ਼ਟਾਚਾਰ ਦੇ ਚਲਦਿਆਂ ਸ੍ਰੀ ਜੀ.ਕੇ. ਨੂੰ ਅਸਤੀਫੇ ਲਈ ਵੰਗਾਰਿਆ ਸੀ। ਸ੍ਰੀ ਸ਼ੰਟੀ ਬੁੱਧਵਾਰ ਨੂੰ ਆਪਣੇ ਘਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸ੍ਰੀ ਜੀਕੇ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦਾ ਦਸਤਾਵੇਜ਼ਾਂ ਨਾਲ ਖੁਲਾਸਾ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਜੀਕੇ ਨੇ ਆਪਣੀ ਬੇਟੀ ਤੇ ਜਵਾਈ ਦੀ ਕੰਪਨੀ ਨੂੰ ਕਮੇਟੀ ਦੇ ਕਰਮਚਾਰੀਆਂ ਦੇ ਕਪੜਿਆਂ ਲਈ 4,43,000 ਰੁਪਏ ਦੀ ਆਰਡਰ ਦਿਤੇ ਤੇ ਕੰਪਨੀ ਦੇ ਨਾਂ ਦੀ ਥਾਂ ਮਨਜੀਤ ਸਿੰਘ ਦੇ ਘਰ ਦਾ ਪਤਾ ਲਿਖਿਆ ਹੈ।ਜਦਕਿ ਗੁਰਦੁਆਰਾ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਆਪਣੇ ਬਲਡ ਰਿਲੇਸ਼ਨ ‘ਚ ਕੋਈ ਡੀਲ ਨਹੀਂ ਕੀਤੀ ਜਾ ਸਕਦੀ।ਸ਼ੰਟੀ ਨੇ ਹੋਰ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਲਈ ਫਰਜ਼ੀ ਬਿਲ ਬਣਾਏ ਹਨ, ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 82,000 ਕਿਤਾਬਾਂ ਛਪਣ ਦਾ ਆਰਡਰ ਦਿਤਾ ਹੈ ਜਦਕਿ ਸਕੂਲ ‘ਚ ਇੰਨੇ ਬਚੇ ਨਹੀਂ ਹਨ। ਇਸ ਤੋਂ ਇਲਾਵਾ ਸ਼ੰਟੀ ਨੇ ਕਿਹਾ ਕਿ ਵਿਦੇਸ਼ ਤੋਂ 51 ਲਖ ਡੋਨੇਸ਼ਨ ਆਈ ਹੈ ਤੇ ਉਸੇ ਦਿਨ ਮਤਲਬ 30 ਜੂਨ 2016 ਨੂੰ ਦਿਲੀ ਕਮੇਟੀ ਦੇ ਖਾਤੇ ’ਚ 51 ਲਖ ਦਾ ਕੈਸ਼ ਗੁਰਦੁਆਰੇ ਤੋਂ ਕਢਾਇਆ।