June 26, 2026 3:28 pm

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ

ਸਮਰਾਲਾ, 5 ਅਕਤੂਬਰ (ਕਮਲਜੀਤ)- ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਕਨਵੀਨਰ ਮੱਖਣ ਸਿੰਘ ਵਹਿਦਪੁਰੀ ਦੀ ਪ੍ਰਧਾਨਗੀ ਹੇਠ ਸੱਦੀ ਗਈ। ਕਮੇਟੀ ਦੇ ਸੂਬਾ ਕਨਵੀਨਰਾਂ ਸੱਤਪਾਲ ਭੈਣੀ, ਵਰਿੰਦਰ ਸਿੰਘ ਮੋਮੀ ਅਤੇ ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਵਿਭਾਗ ਦੀ ਸਕੱਤਰ ਵੱਲੋਂ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੂੰ ਗੁੰਮਰਾਹ ਕਰਕੇ, ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ਦੀ ਪੰਚਾਇਤਾਂ ਨੂੰ ਵੱਧ ਅਹਿਮੀਅਤ ਦੇਣ ਦੇ ਬਹਾਨੇ ਹੇਠ ਉਨ੍ਹਾਂ ਦਾ ਪੰਚਾਇਤੀਕਰਨ ਅਤੇ ਨਿਜੀਕਰਨ ਕਰਨ ਦਾ ਮੰਦਭਾਗਾ ਫ਼ੈਸਲਾ ਕੀਤਾ ਗਿਆ ਹੈ। ਜਿਸ ਕਰਕੇ ਸਮੁੱਚੀ ਜਥੇਬੰਦੀ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਫੀਲਡ ਤੇ ਦਫਤਰੀ ਕਾਮਿਆਂ ਨੂੰ ਵਿਭਾਗ ’ਚ ਸ਼ਾਮਿਲ ਕਰਨ ਦਾ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਅਤੇ ਰੈਗੂਲਰ ਕਾਮਿਆਂ ਦੀਆਂ ਮੰਗਾਂ ਜਿਵੇਂ ਜੇ.ਈ. ਟੈਸਟ ਪਾਸ ਪ੍ਰਮੋਸ਼ਨ ਕਰਨਾ, ਕੰਨਵੈਨਸ ਅਲਾਊਂਸ ਤੇ ਮੁਕਰਨ, ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਪ੍ਰਮੋਸ਼ਨਾਂ ਦੇਣਾ, ਸਰਵਿਸ ਰੂਲ ਬਣਾਉਣ, ਗਜਟ ਨੋਟੀਫਿਕੇਸ਼ਨ ਜਾਰੀ ਨਾਂ ਕਰਨਾ ਆਦਿ ਮੰਗਾਂ ਦੇ ਸਬੰਧ ’ਚ ਨਾਂਹ ਪੱਖੀ ਰੱਵਈਆ ਅਖਤਿਆਰ ਕਰਨ ਵਾਲੀ ਸਰਕਾਰ ਦੇ ਖ਼ਿਲਾਫ਼, ਹੁਣ ਸਮੁੱਚੀ ਜਥੇਬੰਦੀ ਨੇ ਸੰਘਰਸ਼ ਕਰਨ ਦਾ ਮਨ ਬਣਾ ਲਿਆ ਹੈ। ਜਿਸ ਕਰਕੇ ਮਿਤੀ 17 ਅਕਤੂਬਰ ਨੂੰ ਜਲ ਸਪਲਾਈ ਵਿਭਾਗ ਦੇ ਹੈੱਡ ਆਫ਼ਿਸ ਪਟਿਆਲਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਮਿਤੀ 15 ਨਵੰਬਰ ਨੂੰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਹਲਕੇ ਮਲੇਰਕੋਟਲਾ ਵਿਖੇ ਵਿਸ਼ਾਲ ਰੈਲੀ ਕਰਕੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੀਟਿੰਗ ’ਚ ਕੋ ਕਨਵੀਨਰ ਹਰਜੀਤ ਸਿੰਘ ਬਾਲੀਆ, ਦਰਸ਼ਨ ਸਿੰਘ ਬੇਲੂਮਾਜਰਾ, ਸੁਰਿੰਦਰ ਸਿੰਘ, ਮਹਿਮਾ ਸਿੰਘ, ਗੁਰਚਰਨ ਸਿੰਘ, ਬਲਰਾਜ ਮੌੜ, ਜਗਦੇਵ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਹਰਵੀਰ ਸਿੰਘ,ਦਰਸ਼ਨ ਸਿੰਘ, ਜਗਵਿੰਦਰਪਾਲ ਸਿੰਘ, ਅਨਿਲ ਕੁਮਾਰ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

Send this to a friend