ਬਟਾਲਾ, 5 ਅਕਤੂਬਰ (ਰਾਜੂ ਖਹਿਰਾ)- ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਨਵੀਂ ਦਿਲੀ ਵਿਖੇ ਉਤਰੀ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚੌਬੇ ਨਾਲ ਮੁਲਾਕਾਤ ਕਰਕੇ ਇਕ ਮੰਗ ਪਤਰ ਦਿੰਦਿਆਂ ਬਟਾਲਾ ਰੇਲਵੇ ਸਟੇਸ਼ਨ ਦੀਆਂ ਘਾਟਾਂ ਨੂੰ ਤੁਰੰਤ ਦੂਰ ਕਰਨ ਲਈ ਕਿਹਾ ਹੈ। ਉਤਰੀ ਰੇਲਵੇ ਦੇ ਜੀ.ਐਮ. ਨਾਲ ਮੁਲਾਕਾਤ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਉਨਾਂ ਨੂੰ ਯਾਦ ਕਰਾਇਆ ਕਿ ਉਨਾਂ ਨੇ 31 ਜੁਲਾਈ ਨੂੰ ਪਾਰਲੀਮੈਂਟ ਹਾਊਸ ਵਿਚ ਰੇਲਵੇ ਮੰਤਰੀ ਨੂੰ ਇਕ ਮੰਗ ਪਤਰ ਦਿਤਾ ਸੀ, ਜਿਸ ਵਿਚ ਉਨਾਂ ਬਟਾਲਾ ਰੇਲਵੇ ਸਟੇਸ਼ਨ ਦੀਆਂ ਘਾਟਾਂ ਅਤੇ ਉਥੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ ਸੀ। ਸ੍ਰੀ ਜਾਖੜ ਦੀਆਂ ਮੰਗਾਂ ਨਾਲ ਸਹਿਮਤ ਹੁੰਦਿਆਂ ਉਤਰੀ ਰੇਲਵੇ ਦੇ ਜੀ.ਐਮ. ਨੇ ਸਾਰੀਆਂ ਮੰਗਾਂ ਦੇ ਜਲਦ ਹਲ ਦਾ ਭਰੋਸਾ ਦਿਤਾ। ਰੇਲਵੇ ਸਟੇਸ਼ਨ ਉਪਰ ਕਰਾਸਿੰਗ ਪੁਲ ਨਾ ਹੋਣ ਕਾਰਨ ਜਦੋਂ ਦੋ ਰੇਲਗਡੀਆਂ ਰੁਕਦੀਆਂ ਹਨ ਤਾਂ ਯਾਤਰੂਆਂ ਨੂੰ ਆਪਣੀ ਜਾਨ ਖਤਰੇ ਵਿਚ ਪਾ ਕੇ ਰੇਲ ਗਡੀ ਵਿਚ ਸਵਾਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨਾਂ ਬਟਾਲਾ ਤੋਂ ਅੰਮ੍ਰਿਤਸਰ ਤਕ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਕੋਈ ਨਵੀ ਰੇਲਗਡੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ।