June 28, 2026 6:18 am

ਸੰਗਰੂਰ ਫੇਰੀ ਦੌਰਾਨ ਸੁਖਬੀਰ ਬਾਦਲ ਦਾ ਸਿੱਖ ਜੱਥੇਬੰਦੀਆਂ ਨੇ ਕੀਤਾ ਵਿਰੋਧ

ਸੰਗਰੂਰ, 4 ਅਕਤੂਬਰ (ਭਗਵੰਤ ਸਿੰਘ ਚੰਦੜ੍ਹ)- ਸੁਖਬੀਰ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਅਕਾਲੀ ਦਲ ਨੂੰ ਸਿੱਖ ਜੱਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਅੱਜ ਦੀ ਇਸ ਸੰਗਰੂਰ ਫੇਰੀ ਨੂੰ ਲੈ ਕੇ ਕਈ ਜੱਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਕਰਵਾਈ ਜਾ ਰਹੀ 7 ਅਕਤੂਬਰ ਦੀ ਰੈਲੀ ਦੇ ਸਬੰਧ ਵਿਚ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਦੇ ਚੱਲਦਿਆਂ ਅੱਜ ਕਈ ਜੱਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸੁਖਬੀਰ ਬਾਦਲ ਦਾ ਸੰਗਰੂਰ ਪਹੁੰਚਣ ’ਤੇ ਜਬਰਦਸਤ ਵਿਰੋਧ ਕੀਤਾ ਗਿਆ, ਜਿਸ ਵਿਚ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਜੱਥੇਬੰਦੀ ਦੇ ਆਗੂ ਭਾਈ ਬਚਿੱਤਰ ਸਿੰਘ ਸਮੇਤ ਸ਼੍ਰੋਮਣੀ ਅਕਾਲ ਦਲ (ਅ) ਦੇ ਆਗੂ ਗੁਰਨੈਬ ਸਿੰਘ ਰਾਮਪੁਰਾ, ਮਾਸਟਰ ਕਰਨੈਲ ਸਿੰਘ ਨਰੀਕੇ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੇ ਕਾਲੀਆਂ ਝੰਡੀਆਂ ਨੂੰ ਲਹਿਰਾ ਕੇ ਵਿਰੋਧ ਦਰਜ ਕਰਵਾਇਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਡਾ ਇਨ੍ਹਾਂ ਲੋਕਾਂ ਨਾਲ ਕੋਈ ਨਿਜੀ ਵਿਰੋਧ ਨਹੀਂ, ਸਿਰਫ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਦੇ ਰੋਸ ਵੱਜੋਂ ਵਿਰੋਧ ਕਰ ਰਹੇ ਹਾਂ, ਕਿਉਂਕਿ ਇਨ੍ਹਾਂ ਅਕਾਲੀਆਂ ਦੀ ਸਰਕਾਰ ਹੁੰਦਿਆਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲਈ ਅਕਾਲੀ ਦਲ ਸਿੱਖਾਂ ਦੇ ਵਿਰੋਧ ਤੋਂ ਬਚ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਪਸ਼ਚਾਤਾਪ ਕਰਨ ਦੀ ਬਜਾਏ ਇਕ ਦੂਜੇ ਨੂੰ ਨੀਂਵਾਂ ਦਿਖਾਉਣ ਲਈ ਜੋਰ ਅਜਮਾਈ ਕਰ ਰਹੇ ਹਨ, ਇਸ ਲਈ ਸੂਝਵਾਨ ਲੋਕ ਇਨ੍ਹਾਂ ਦੋਵੇਂ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਨਹੀਂ ਜਾਣਗੇ।

Send this to a friend