ਨਵੀਂ ਦਿੱਲੀ, 19 ਮਾਰਚ (ਵਿਸ਼ਵ ਵਾਰਤਾ)- ਪ੍ਰਸਿੱਧ ਕਾਮੇਡੀਅਨ ਰਾਜੂ ਸ੍ਰੀਵਾਸਤਵ ਅਤੇ ਸਾਬਕਾ ਕਾਂਗਰਸ ਨੇਤਾ ਜਗਦੰਬਿਕਾ ਪਾਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਦੋਨਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਦੀ ਸ਼ਕਤੀ ਹੋਰ ਵਧੇਗੀ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਨੇੜੇ ਰਹੇ ਰਾਜੂ ਸ੍ਰੀਵਾਸਤਵ ਨੇ ਕਾਨਪੁਰ ਲੋਕਸਭਾ ਸੀਟ ਤੋਂ ਪਾਰਟੀ ਦੇ ਟਿਕਟ ਨੂੰ ਵਾਪਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਪਾਰਟੀ ਦੀ ਸਥਾਨਕ ਇਕਾਈ ਉਨ੍ਹਾਂ ਦਾ ਲੋੜੀਂਦਾ ਸਹਿਯੋਗ ਨਹੀਂ ਕਰ ਰਹੀ। ਜਦੋਂ ਕਿ ਜਗਦੰਬਿਕਾ ਪਾਲ ਉਤਰ ਪ੍ਰਦੇਸ਼ ਦੇ ਡੁਮਰਿਆਗੰਜ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਲੋਕ ਸਭਾ ਸੀਟ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।