ਚੰਡੀਗੜ੍ਹ, 19 ਮਾਰਚ (ਪੀ.ਟੀ.ਬਿਊਰੋ)-ਅੱਜ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਲੋਕ ਸਭਾ ਉਮੀਦਵਾਰ ਅਰੁਣ ਜੇਤਲੀ ਤੇ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਜ਼ਾਬਤੇ ਦੇ ਉਲੰਘਣ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਮੁੱਖ ਚੋਣ ਅਫਸਰ ਵੀ ਕੇ ਸਿੰਘ ਕੋਲ ਸ਼ਿਕਾਇਤ ਦਿੰਦਿਆਂ ਇਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿਖੇ ਮੁੱਖ ਚੋਣ ਅਫਸਰ ਦੇ ਨਾਂਅ ਦਿੱਤੀ ਆਪਣੀ ਸ਼ਿਕਾਇਤ ’ਚ ਖਹਿਰਾ ਨੇ ਦੋਸ਼ ਲਾਇਆ ਹੈ ਕਿ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ 16 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ‘ਹੋਲੇ ਮੁਹ¤ਲੇ’ ਦੇ ਮੌਕੇ ਪਾਬੰਦੀ ਦੇ ਬਾਵਜੂਦ
ਸਿਆਸੀ ਕਾਨਫਰੰਸ ਕਰਕੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਹੈ। ਖਹਿਰਾ ਦਾ ਦੋਸ਼ ਹੈ ਕਿ ਬਾਦਲ ਵੱਲੋਂ ਕਾਨਫਰੰਸਚ ਆਪਣੇ ਭਾਸ਼ਣ ਦੌਰਾਨ ਕਾਂਗਰਸ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਵੱਲੋਂ ਲਾਏ ਸਿਆਸੀ ਕਾਨਫਰੰਸ ਤੇ ਪਬੰਦੀ ਦੇ ਬਾਵਜੂਦ ਇਸ ਦੀ ਤੁਲਨਾ ਐਮਰਜੈਂਸੀ ਨਾਲ ਕਰਨੀ ਸਿਧੇ ਤੌਰ ’ਤੇ ਜ਼ਾਬਤੇ ਦਾ ਉਲੰਘਣ ਹੈ। ਇਸ ਤੋਂ ਇਲਾਵਾ ਖਹਿਰਾ ਨੇ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਬਾਦਲ ਖਿਲਾਫ ਪਿੰਡ ਘਾਸੋਖਾਨਾ ਦੇ ਗੁਰਦੁਆਰੇ ’ਤੇ ਪਿੰਡ ਕੁੱਟੀਵਾਲ ਕਲਾਂ ਦੀ ਸਰਕਾਰੀ ਡਿਸਪੈਂਸਰੀ ’ਤੇ ਨੰਨੀ ਛਾਂ ਲਾਏ ਜਾਣ ’ਤੇ ਇਸ ਨੂੰ ਚੋਣ ਜ਼ਾਬਤੇ ਦਾ ਉਲੰਘਣ ਗਰਦਾਨਦਿਆਂ ਸ਼ਿਕਾਇਤ ਦਿਤੀ ਹੈ।
ਇਸ ਤੋਂ ਇਲਾਵਾ ਖਹਿਰਾ ਨੇ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਜੇਤਲੀ ਖਿਲਾਫ ਬੀਤੇ ਦਿਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਰੋਡ ਸ਼ੋਅ ਕਰਨ ਤੇ ਸਰਕਾਰੀ ਤੇ ਜਨਤਕ ਥਾਵਾਂ ’ਤੇ ਬੋਰਡ ਲਾਉਣ ਬਾਬਤ ਸ਼ਿਕਾਇਤ ਦਿੱਤੀ ਹੈ। ਖਹਿਰਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਬਾਦਲ, ਸੁਖਬੀਰ, ਜੇਤਲੀ ਤੇ ਹਰਸਿਮਰਤ ਕੌਰ ਖਿਲਾਫ ਜ਼ਾਬਤੇ ਦੀ ਉਲੰਘਣਾ ਤਹਿਤ ਸਖਤ ਕਾਰਵਾਈ ਕੀਤੀ ਜਾਵੇ।