ਪਤਨੀ ਅਤੇ ਨੌਕਰ ਦਾ ਕਤਲ ਕਰਕੇ ਮਾਮਲਾ ਦਰਜ ਕਰਵਾਉਣ ਦਾ ਕੀਤਾ ਸੀ ਡਰਾਮਾ
ਸੰਗਰੂਰ, 19 ਮਾਰਚ (ਹਰਿੰਦਰਪਾਲ ਖਾਲਸਾ)-ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ਼ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 13 ਮਾਰਚ 2014 ਨੂੰ ਹੋਏ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਸਰਬਜੀਤ ਨੂੰ ਕਾਬੂ ਕਰਕੇ ਜ਼ਿਲ੍ਹਾ ਪੁਲਿਸ ਨੇ ਵੱਡੀ ਸਫ਼ਤਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸੱਦੀ ਪ੍ਰੈਸ ਕਾਨਫਰੰਸ਼ ਦੌਰਾਨ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਤੀ ਸਰਬਜੀਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਦੇਹਲਾ ਵਾਰਡ ਨੰਬਰ 5 ਲਹਿਰਾ ਨੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਪਾਲ ਸਿੰਘ ਵਾਸੀ ਲਹਿਲ ਖੁਰਦ ਖਿਲਾਫ 13 ਮਾਰਚ 2014 ਅ/ਧ 302 ਹਿੰ:ਡਿੰ ਥਾਣਾ ਲਹਿਰਾ ਵਿਖੇ ਮਾਮਲਾ ਦਰਜ਼ ਕਰਵਾਇਆ ਸੀ ਕਿ 13 ਮਾਰਚ ਨੂੰ ਮੈਂ
ਆਪਣੇ ਨੋਕਰ ਦੋਸ਼ੀ ਜਸਵਿੰਦਰ ਸਿੰਘ ਨੂੰ ਕੰਮ ਕਾਰ ਸਬੰਧੀ ਘਰ ਛੱਡ ਕੇ ਗਿਆ ਸੀ। ਉਕਤ ਮੁਦੱਈ ਦੇ ਦੱਸਣ ਮੁਤਾਬਿਕ ਉਸਨੇ ਆਪਣੇ ਘਰ ਫੋਨ ਲਗਾਇਆ ਪਰੰਤੂ ਉਸਦੀ ਪਤਨੀ ਵੱਲੋਂ ਫੋਨ ਨਹੀ ਚੁੱਕਿਆ ਗਿਆ। ਜਦੋਂ ਮੁਦੱਈ ਨੇ ਘਰ ਜਾ ਦੇਖਿਆ ਤਾਂ ਨੋਕਰ ਘਰ ਨਹੀ ਸੀ ਅਤੇ ਉਸ ਦੀ ਪਤਨੀ ਦੀ ਲਾਸ਼ ਬਾਥਰੂਮ ਵਿੱਚ ਮਿਲੀ, ਜਿਸ ਦੀ ਗਰਦਨ ਤੇ ਸੱਟ ਦਾ ਨਿਸ਼ਾਨ ਵੀ ਸੀ। ਉੰਸੇ ਦਿਨ ਕਰੀਬ 6 ਵਜ੍ਹੇ ਸ਼ਾਮ ਨੂੰ ਲਹਿਲ ਖੁਰਦ ਦੀ ਪੰਚਾਇਤੀ ਜਮੀਨ ਵਿਚੋਂ ਇਕ ਨੋਜਵਾਨ ਦੀ ਲਾਸ਼ ਮਿਲੀ, ਜਿਸਦੀ ਪਹਿਚਾਣ ਪਿੰਡ ਦੇ ਵਿਅਕਤੀਆਂ ਵੱਲੋਂ ਜਸਵਿੰਦਰ ਸਿੰਘ ਜੱਸਾ ਪੁੱਤਰ ਪਾਲ ਸਿੰਘ ਵਾਸੀ ਲਹਿਰ ਖੁਰਦ ਵੱਜੋਂ ਕੀਤੀ ਗਈ। ਉਨ੍ਹਾਂ ਦੱਸਿਆ ਇਸ ਸਬੰਧੀ ਥਾਣਾ ਮੂਨਕ ਵਿਖੇ ਮੁਕੱਦਮਾ ਨੰ 23 ਬਰਬਿਆਨ ਸੋਹਣ ਸਿੰਘ ਪੁੱਤਰ ਨੰਦ ਸਿੰਘ ਵਾਸੀ ਲਹਿਲ ਖੁਰਦ ਬਰਖਿਲਾਫ਼ ਨਾਮਲੂਮ ਵਿਅਕਤੀ ਦਰਜ਼ ਹੋਇਆ।
ਉਨਾਂ ਦੱਸਿਆ ਦੋਵੇਂ ਮਾਮਲਿਆਂ ਦਾ ਆਪਸੀ ਵਿੱਚ ਸਬੰਧ ਹੋਣ ਕਾਰਣ ਐਸ.ਪੀ.ਡੀ ਸ. ਪਰਮਜੀਤ ਸਿੰਘ ਗੋਰਾਇਆ ਦੀ ਨਿਗਰਾਨੀ ਹੇਠ ਮਾਮਲੇ ਨੂੰ ਸੁਲਝਾਉਣ ਲਈ ਡੀ.ਐਸ.ਪੀ. ਮੂਨਕ ਸ੍ਰੀ ਬਿਮਲ ਸ਼ਰਮਾ, ਐਸ.ਆਈ.ਗੁਰਮੇਲ ਸਿੰਘ ਸੀ.ਆਈ.ਏ. ਇੰਚਾਰਜ਼ ਬਹਾਦਰ ਸਿੰਘ ਵਾਲਾ, ਇੰਸਪੈਕਟਰ ਸ. ਪ੍ਰਮਿੰਦਰ ਸਿੰਘ ਲਹਿਰਾ, ਐਸ.ਆਈ. ਬਲਜੀਤ ਸਿੰਘ ਮੂਨਕ ਦੀ ਟੀਮ ਬਣਾਈ ਗਈ। ਉਨ੍ਹਾ ਦੱਸਿਆ ਟੀਮ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਦੀਸ ਕਰਨ ਤੋਂ ਮੁਦੱਈ ਸਰਬਜੀਤ ਸਿੰਘ ਨੂੰ 18 ਮਾਰਚ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੂੰ ਆਪਣੀ ਪਤਨੀ ਦੇ ਚਰਿੱਤਰ ਤੇ ਸੱਕ ਸੀ ਜਿਸ ਕਰਕੇ ਉਸਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ।
ਉਕਤ ਦੋਸ਼ੀ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸਨੇ ਆਪਣੇ ਨੋਕਰ ਮ੍ਰਿਤਕ ਜਸਵਿੰਦਰ ਸਿੰਘ ਨੂੰ ਆਪਣੇ ਏ.ਟੀ.ਐਮ. ਦਾ ਖਾਤਾ ਚਾਲੂ ਕਰਵਾਉਣ ਲਈ ਉਰੀਐਂਟਲ ਬੈਂਕ ਭੇਜ ਦਿੱਤਾ ਸੀ। ਉਕਤ ਦੋਸ਼ੀ ਨੇ ਮੌਕਾ ਪਾ ਕੇ ਆਪਣੀ ਪਤਨੀ ਗੁਰਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀ ਗੁਰਪ੍ਰੀਤ ਕੌਰ ਦੀ ਲਾਸ਼ ਬਾਥਰੂਮ ਵਿੱਚ ਸੁੱਟ ਕੇ ਬਾਹਰ ਆਇਆ ਤਾਂ ਨੋਕਰ ਜਸਵਿੰਦਰ ਸਿੰਘ ਜੱਸਾ ਜਾਲੀ ਵਾਲੇ ਗੇਟ ਦੇ ਬਾਹਰ ਖੜਾ ਸੀ। ਜਿਸ ਕਾਰਨ ਦੋਸ਼ੀ ਨੂੰ ਆਪਣੇ ਨੋਕਰ ਦੇ ਸੱਕ ਹੋਇਆ ਕਿ ਉਸਨੂੰ ਕਤਲ ਬਾਰੇ ਪਤਾ ਲੱਗ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਨੇ ਆਪਣੇ ਨੋਕਰ ਜਸਵਿੰਦਰ ਸਿੰਘ ਨੂੰ ਝੂਠ ਬੋਲਿਆ ਕਿ ਘਰ ਵਿੱਚ ਗ੍ਰਹਿ ਚਲਦਾ ਹੈ ਅਤੇ ਮਿੱਟੀ ਕੱਢਣੀ ਹੈ।
ਇਸ ਕਹਿ ਕੇ ਮ੍ਰਿਤਕ ਨੌਕਰ ਨੂੰ ਆਪਣੀ ਪਿਕਅਪ ਗੱਡੀ ਵਿੱਚ ਬਿਠਾ ਲਿਆ ਅਤੇ ਲੇਹਲ ਬੁੱਤ ਤੋਂ ਅੱਗੇ ਡਰੇਨ ਦੇ ਪੁਲ ਕੋਲ ਗੱਡੀ ਰੋਕ ਕੇ ਸਰਬਜੀਤ ਸਿੰਘ ਨੇ ਗੱਡੀ ਵਿੱਚੋਂ ਕਹੀ ਚੁੱਕ ਲਈ ਜਿਧਰੋਂ ਪਾਣੀ ਆਉਦਾ ਹੈ ਉਸ ਪਾਸੇ ਵੱਲ ਨੂੰ ਕਰੀਬ ਅੱਧਾ ਕਿਲੋਮੀਟਰ ਜਾ ਕੇ ਜਸਵਿੰਦਰ ਸਿੰਘ ਨੂੰ ਮਿੱਟੀ ਕੱਢਣ ਨੂੰ ਕਿਹਾ ਜਦੋਂ ਜਸਵਿੰਦਰ ਸਿੰਘ ਬੈਠ ਕੇ ਹੱਥਾਂ ਨਾਲ ਮਿੱਟੀ ਕੱਢਣ ਲੱਗਿਆ ਤਾਂ ਦੋਸ਼ੀ ਸਰਬਜੀਤ ਸਿੰਘ ਨੇ ਜਸਵਿੰਦਰ ਸਿੰਘ ਦੇ ਸਿਰ ਵਿੱਚ ਕੱਸੀ ਦੇ ਦੋ ਤਿੰਨ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਖੁਦ ਆਪਣੀ ਗੱਡੀ ਲੈ ਕੇ ਪੈਲਿਸ ਵਿੱਚ ਚਲਾ ਗਿਆ ਅਤੇ ਘਰ ਆ ਕੇ ਨੋਕਰ ਵੱਲੋਂ ਆਪਣੀ ਪਤਨੀ ਕਤਲ ਕਰਨ ਦਾ ਡਰਾਮਾ ਰਚ ਕੇ ਮਾਮਲਾ ਦਰਜ਼ ਕਰਾ ਦਿੱਤਾ ਸੀ।