June 22, 2026 9:30 pm

ਰੈਲੀ ਉਤੇ ਪਾਬੰਦੀ ਲੋਕਤੰਤਰ ਦਾ ਕਤਲ : ਬਾਦਲ

ਬਠਿੰਡਾ, 14 ਸਤੰਬਰ (ਸੁਖਵਿੰਦਰ ਸਰਾਂ)- ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾਣ ਵਾਲੀ ਸ਼ਾਂਤਮਈ ਪੋਲ ਖੋਲ੍ਹ ਰੈਲੀ ਉਤੇ ਪੰਜਾਬ ਸਰਕਾਰ ਵਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ‘ਦਿਨ-ਦਿਹਾੜੇ ਲੋਕਤੰਤਰ ਦਾ ਕਤਲ‘ ਕਰਾਰ ਦਿਤਾ ਹੈ।ਇਸੇ ਦੌਰਾਨ ਅਕਾਲੀ ਦਲ ਨੇ ਸਰਕਾਰ ਦੇ ਪਾਬੰਦੀ ਦੇ ਹੁਕਮ ਉਤੇ ਨਜ਼ਰਸਾਨੀ ਅਤੇ ਸ਼ਾਂਤਮਈ ਰੈਲੀ ਕਰਨ ਦੀ ਆਗਿਆ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀਆਂ ਦੇ ਸਿਰਮੌਰ ਆਗੂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਭਜ ਰਹੀ ਹੈ, ਜਿਸ ਦਾ ਮੁਢਲਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਲੋਕਤੰਤਰੀ ਰੀਝਾਂ ਦੇ ਸ਼ਾਂਤਮਈ ਢੰਗ ਨਾਲ ਪ੍ਰਗਟਾਅ ਵਿਚ ਕਿਸੇ ਨੂੰ ਅੜਿਕਾ ਨਾ ਪਾਉਣ ਦੇਵੇ ਅਤੇ ਸੂਬੇ ਅੰਦਰ ਲੋਕਤੰਤਰੀ ਗਤੀਵਿਧੀਆਂ ਦੀ ਰਾਖੀ ਯਕੀਨੀ ਬਣਾਏ। ਅਜ ਸਰਕਾਰ ਨੇ ਲਗਭਗ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਵਿਚ ਸੰਵਿਧਾਨਿਕ ਢਾਂਚਾ ਇੰਨਾ ਜ਼ਿਆਦਾ ਤਹਿਸ ਨਹਿਸ ਹੋ ਚੁਕਿਆ ਹੈ ਕਿ ਇਹ ਇਕ ਮੁਖ ਧਾਰਾ ਵਾਲੀ ਸਿਆਸੀ ਪਾਰਟੀ ਨੂੰ ਇਕ ਸ਼ਾਂਤਮਈ ਲੋਕਤੰਤਰੀ ਰੈਲੀ ਕਰਨ ਦੀ ਆਗਿਆ ਨਹੀਂ ਦੇ ਸਕਦੀ। ਉਹਨਾਂ ਕਿਹਾ ਕਿ ਸਰਕਾਰ ਦਾ ਫੈਸਲਾ ਐਮਰਜੰਸੀ ਦੇ ਦਿਨਾਂ ਵਾਲੇ ਦਮਨ ਅਤੇ ਤਾਨਾਸ਼ਾਹੀ ਦੀ ਯਾਦ ਦਿਵਾਉਂਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਰਾਸ਼ਟਰੀ ਵਿਰੋਧੀ ਤਤ ਜੋ ਕਿ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਦੇ ਦੁਸ਼ਮਣ ਹਨ, ਉਹ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਬੂੰਂ ਲਾਉਣ ਉਤੇ ਤੁਲੇ ਹੋਏ ਹਨ। ਇਹ ਤਤ ਕੈਪਟਨ ਅਮਰਿੰਦਰ ਸਿੰਘ ਲਈ ਏਜੰਡਾ ਤੈਅ ਕਰ ਰਹੇ ਹਨ ਅਤੇ ਉਹ ਉਹਨਾਂ ਦੇ ਨਾਦਰਸ਼ਾਹੀ ਹੁਕਮਾਂ ਅਗੇ ਸਿਰ ਝੁਕਾ ਰਿਹਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਅਤੇ ਇਹਨਾਂ ਗਰਮਖ਼ਿਆਲੀ ਤਤਾਂ ਦਾ ਨਾਪਾਕ ਗਠਜੋੜ ਪੰਜਾਬ ਨੂੰ ਦੁਬਾਰਾ ਬਲਦੀ ਅਗ ਵਿਚ ਸੁਟ ਰਿਹਾ ਹੈ।
> ਸਰਦਾਰ ਬਾਦਲ ਅਤੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਪਖਪਾਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਕ ਝੂਠੀ ਅਤੇ ਮਨਘੜਤ ਰਿਪੋਰਟ ਦਾ ਇਸਤੇਮਾਲ ਕੀਤਾ ਸੀ। ਕਾਂਗਰਸੀ ਆਗੂਆਂ ਨੇ ਧਮਕੀ ਦਿਤੀ ਸੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਣ ਦਿਤਾ ਜਾਵੇਗਾ। ਪਰੰਤੂ ਅਕਾਲੀ-ਭਾਜਪਾ ਦੇ ਧਰਨਿਆਂ ਅਤੇ ਅਬੋਹਰ ਰੈਲੀ ਨੂੰ ਲੋਕਾਂ ਵਲੋਂ ਦਿਤੇ ਵਡੇ ਹੁੰਗਾਰੇ ਨੇ ਕਾਂਗਰਸ ਦੇ ਪੈਰਾਂ ਥਲੋਂ ਜ਼ਮੀਨ ਕਢ ਦਿਤੀ ਹੈ। ਸ਼ਾਂਤੀ ਦੇ ਇਹਨਾਂ ਦੁਸ਼ਮਣਾਂ, ਜਿਹਨਾਂ ਨੂੰ ਕਾਂਗਰਸ ਸਤਿਕਾਰ ਨਾਲ ‘ਗਰਮਖ਼ਿਆਲੀ‘ ਸਦਦੀ ਹੈ, ਨੇ ਅਕਾਲੀ-ਭਾਜਪਾ ਲਹਿਰ ਨੂੰ ਰੋਕਣ ਵਾਸਤੇ ਕੈਪਟਨ ਸਰਕਾਰ ਨੂੰ ਫਰੀਦਕੋਟ ਵਾਲੀ ਸ਼ਾਂਤਮਈ ਰੈਲੀ ਰਦ ਕਰਨ ਲਈ ਮਜ਼ਬੂਰ ਕਰ ਦਿਤਾ ਹੈ। ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਸ਼ੁਰੂ ਤੋਂ ਹੀ ਇਹਨਾਂ ਗਰਮਖ਼ਿਆਲੀਆਂ ਨਾਲ ਰਲੀ ਹੋਈ ਹੈ, ਜਿਹੜੇ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਜ ਦੀ ਕਾਰਵਾਈ ਨਾਲ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਕਾਂਗਰਸ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਵਿਰੋਧੀਆਂ ਦਾ ਸਮਰਥਨ ਕਰ ਰਹੀ ਹੈ। ਅਕਾਲੀ ਦਲ ਵਿਰੁਧ ਵਿਢੀ ਦੋਖੀ ਮਿਹੰਮ ਕਾਂਗਰਸ ਨੇ ਹੀ ਉਲੀਕੀ, ਸਪਾਂਸਰ ਅਤੇ ਲਾਗੂ ਕੀਤੀ ਹੈ। ਅਜ ਬਿਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਅਤੇ ਕਾਂਗਰਸ ਅਤੇ ਗਰਮਖ਼ਿਆਲੀਆਂ ਦੇ ਨਾਪਾਕ ਗਠਜੋੜ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸ ਸਰਕਾਰ ਦੇ ਦਮਨਕਾਰੀ ਹਥਕੰਡਿਆਂ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਚਾਨਕ ਹੀ ਇਕ ਨਿਕੰਮੀ ਅਤੇ ਪਖਪਾਤੀ ਸਰਕਾਰ ਨੇ 1980 ਦੀਆਂ ਯਾਦਾਂ ਤਾਜ਼ਾ ਕਰ ਦਿਤੀਆਂ ਹਨ, ਜਦ ਅਕਾਲੀ ਮੋਰਚਿਆਂ ਦੌਰਾਨ ਰੋਜ਼ਾਨਾ ਅਜਿਹੀਆਂ ਤਾਨਸ਼ਾਹੀ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। 15 ਸਾਲਾਂ ਤਕ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਨੇ ਸੂਬੇ ਅੰਦਰ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਅਤੇ ਨਾਗਰਿਕ ਅਜ਼ਾਦੀਆਂ ਉਤੇ ਪਹਿਰਾ ਦਿੰਦਿਆਂ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰਖਿਆ। ਪਰ ਇਸ ਸਰਕਾਰ ਨੇ ਆਪਣੇ ਇਕ ਕਾਰੇ ਨਾਲ ਪੰਜਾਬ ਨੂੰ 30 ਸਾਲ ਪਿਛੇ ਧਕ ਦਿਤਾ ਹੈ ਅਤੇ 80ਵੇਂ ਦੇ ਉਹਨਾਂ ਕਾਲੇ ਅਤੇ ਤਾਨਸ਼ਾਹ ਦਿਨਾਂ ਵਲ ਲੈ ਗਈ ਹੈ, ਜਦੋਂ ਸਰਕਾਰ ਅਕਾਲੀਆਂ ਦੇ ਜਮਹੂਰੀ ਮੋਰਚਿਆਂ ਉਤੇ ਦਮਨ ਦਾ ਚਕਰ ਚਲਾਉਂਦੀ ਸੀ।
> ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਦੇ ਫਰੀਦਕੋਟ ਰੈਲੀ ਉਤੇ ਪਾਬੰਦੀ ਲਾਉਣ ਦੇ ਫੈਸਲੇ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਚਾਈ ਇਹ ਹੈ ਕਿ ਸਰਕਾਰ ਅਕਾਲੀ-ਭਾਜਪਾ ਵਲੋਂ ਰਾਜ ਭਰ ਵਿਚ ਦਿਤੇ ਧਰਨਿਆਂ ਦੀ ਕਾਮਯਾਬੀ ਅਤੇ ਅਬੋਹਰ ਰੈਲੀ ਵਿਚ ਹੋਏ ਪੰਜਾਬੀਆਂ ਦੇ ਭਾਰੀ ਇਕਠ ਤੋਂ ਬੁਰੀ ਤਰ੍ਹਾਂ ਦਹਿਲ ਗਈ ਹੈ। ਇਹ ਧਰਨੇ ਅਤੇ ਰੈਲੀਆਂ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕੀਤੇ ਗਏ ਸਨ ਅਤੇ ਇਹਨਾਂ ਦੋਵੇਂ ਪ੍ਰਦਰਸ਼ਨਾਂ ਦੌਰਾਨ ਪੰਜਾਬ ਦੀ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਸੀ ਖੜ੍ਹਾ ਹੋਇਆ। ਫਿਰ ਅਚਾਨਕ ਹੀ ਇਸ ਸਰਕਾਰ ਨੂੰ ਰੋਜ਼ਮਰਾ ਵਿਚ ਕੀਤੀ ਜਾਣ ਵਾਲੀ ਇਕ ਲੋਕਤੰਤਰੀ ਗਤੀਵਿਧੀ ਪੰਜਾਬ ਦੇ ਅਮਨ ਲਈ ਖ਼ਤਰਾ ਕਿਵੇਂ ਲਗਣ ਲਗ ਪਈ?
> ਸਰਦਾਰ ਬਾਦਲ ਨੇ ਕਿਹਾ ਕਿ ਖਾੜਕੂਵਾਦ ਦੇ ਦਿਨਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸਰਕਾਰ ਨੇ ਲੋਕਤੰਤਰੀ ਗਤੀਵਿਧੀਆਂ ਉਤੇ ਪਾਬੰਦੀ ਲਾ ਦਿਤੀ ਹੈ ਅਤੇ ਸਰਕਾਰ ਵਿਰੁਧ ਸ਼ਾਂਤਮਈ ਲੋਕਤੰਤਰੀ ਪ੍ਰਦਰਸ਼ਨਾਂ ਦੀ ਆਵਾਜ਼ ਨੂੰ ਘੁਟਿਆ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਸਾਸ਼ਨ ਕਰਨ ਤੋਂ ਹਥ ਖੜ੍ਹੇ ਕਰ ਚੁਕੀ ਹੈ ਅਤੇ ਇਸ ਨੇ ਲਗਭਗ ਐਲਾਨ ਕਰ ਦਿਤਾ ਹੈ ਕਿ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰਖਣ ਦੇ ਕਾਬਿਲ ਨਹੀਂ ਹੈ।

Send this to a friend