ਬਟਾਲਾ, 14 ਸਤੰਬਰ (ਪ੍ਰਦੀਪ ਸਿੰਘ ਰਾਜੂ ਖਹਿਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਅਜ ਬਟਾਲਾ ਵਿਖੇ ਪਹੁੰਚੇ। ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਸਥਾਨਕ ਪੁਲਿਸ ਲਾਈਨ ਵਿਖੇ ਮੀਟਿੰਗ ਕਰਕੇ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਸ ਉਪਰੰਤ ਖੁਦ ਸ਼ਹਿਰ ਦਾ ਦੌਰਾ ਕਰਕੇ ਤਿਆਰੀਆਂ ਨੂੰ ਦੇਖਿਆ। ਇਸ ਮੌਕੇ ਉਨਾਂ ਨਾਲ ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ, ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ, ਈ.ਓ. ਨਗਰ ਕੌਂਸਲ ਬਟਾਲਾ ਭੁਪਿੰਦਰ ਸਿੰਘ, ਐਕਸੀਅਨ ਪਾਵਰਕਾਮ ਰਮੇਸ਼ ਸਾਰੰਗਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 15 ਸਤੰਬਰ ਤਕ ਤਿਆਰੀਆਂ ਦੇ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।