ਮੁੱਖ ਮੰਤਰੀ ਵੱਲੋਂ ਲੋੜੀਂਦੀ ਕਾਰਵਾਈ ਦਾ ਭਰੋਸਾ
ਬਟਾਲਾ, 31 ਅਗਸਤ (ਲੱਕੀ ਰਾਜਪੂਤ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਬਟਾਲਾ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਦੇ ਮੱਦੇਨਜ਼ਰ ਇਸ ਦੇ ਵਿਕਾਸ ਅਤੇ ਸਾਫ ਸਫਾਈ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇਸ ਸਬੰਧ ਵਿਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਅਗਲੇ ਸਾਲ 2019 ਵਿਚ ਸਮੂਚੀ ਦੁਨੀਆ ਵਿਚ ਨਾਨਕ ਨਾਮ ਲੇਵਾ ਸੰਗਤ ਸਮੇਤ ਸਮੂਚੀ ਮਨੁਖਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਇਸ ਇਤਿਹਾਸਕ ਅਤੇ ਧਾਰਮਿਕ ਮਹਤਤਾਂ ਦੇ ਵਰੇ ਨੂੰ ਪ੍ਰਭਾਵੀ ਤਰੀਕੇ ਨਾਲ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁਖਤਾਂ ਦੀ ਭਲਾਈ ਲਈ ਦਿਤੇ ਸੰਦੇਸ਼ ਨੂੰ ਦੁਨੀਆਂ ਦੇ ਹਰ ਕੋਨੇ ਤਕ ਪ੍ਰਚਾਰਿਆ ਅਤੇ ਪਸਾਰਿਆ ਜਾ ਸਕੇ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਗੁਰੂ ਸਾਹਿਬ ਨੇ ਜਗਤ ਦੇ ਕਲਿਆਣ ਲਈ ਜਿਥੇ-ਜਿਥੇ ਵੀ ਆਪਣੇ ਚਰਨ ਪਾਏ ਉਹ ਸਥਾਨ ਹਮੇਸ਼ਾਂ ਲਈ ਪੂਜਣਯੋਗ ਹੋ ਗਏ। ਉਨ੍ਹਾਂ ਆਖਿਆ ਕਿ ਬਟਾਲਾ ਸ਼ਹਿਰ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਮਾਤਾ ਸੁਲਖਣੀ ਜੀ ਨੂੰ ਸੰਨ 1487 ਨੂੰ ਵਿਆਹੁਣ ਆਏ ਸਨ ਅਤੇ ਗੁਰੂ ਸਾਹਿਬ ਦੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਬਟਾਲਾ ਤੋਂ ਹੋਈ ਸੀ। ਲੋਕ ਸਭਾ ਮੈਂਬਰ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 16 ਸਤੰਬਰ 2018 ਦਿਨ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 531ਵਾਂ ਵਿਆਹ ਪੁਰਬ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ। ਪਰ ਇਸ ਵਾਰ ਪੂਰੇ ਬਟਾਲਾ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੀ ਯੋਜਨਾਬੰਦੀ ਚੱਲ ਰਹੀ ਹੋਣ ਕਾਰਨ ਸ਼ਹਿਰ ਦੀ ਵਿਵਸਥਾ ਨੂੰ ਤੁਰੰਤ ਪਟੜੀ ਤੇ ਲਿਆਉਣ ਦੀ ਜਰੂਰਤ ਸੀ ਅਤੇ ਸ਼ਹਿਰ ਵਿਚ ਸਾਫ ਸਫਾਈ, ਸਟਰੀਟ ਲਾਈਟਾਂ ਆਦਿ ਨੂੰ ਠੀਕ ਕਰਨ ਦੀ ਤੁਰੰਤ ਜਰੂਰਤ ਹੈ। ਇਸੇ ਲਈ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਸ਼ਹਿਰ ਦੇ ਇੰਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਕਿਹਾ। ਸ੍ਰੀ ਜਾਖੜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਫੌਰੀ ਜਰੂਰਤਾਂ ਦੇ ਮੱਦੇਨਜ਼ਰ ਢੁੱਕਵੀਂ ਕਾਰਵਾਈ ਕਰਨ ਦੀ ਹਾਮੀ ਭਰਦਿਆਂ ਕਿਹਾ ਕਿ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਕਿਸੇ ਸੀਨਿਅਰ ਅਧਿਕਾਰੀ ਦੀ ਡਿਊਟੀ ਲਗਾਉਣਗੇ ਤਾਂ ਜੋ ਸਮਾਂਬੱਧ ਤਰੀਕੇ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਨੂੰ ਮੁਕੰਮਲ ਕੀਤਾ ਜਾ ਸਕੇ।