May 1, 2026 2:46 am

ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਹੈ ਵਿਸ਼ੇਸ਼ ਜਾਗਰੂਕਤਾ ਤੇ ਚੈਕਿੰਗ ਮੁਹਿੰਮ : ਡੀ.ਸੀ. ਫਰੀਦਕੋਟ

ਫਰੀਦਕੋਟ, 30 ਅਗਸਤ (ਗੁਰਜੀਤ ਰੋਮਾਣਾ)- ਸਿਹਤ ਵਿਭਾਗ ਫਰੀਦਕੋਟ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜ਼ਿਲੇ ਦੇ ਲੋਕਾਂ ਨੂੰ ਸ਼ੁਧ ਖਾਧ ਪਦਾਰਥ ਮੁਹਈਆ ਕਰਵਾਉਣ ਦੇ ਮਨੋਰਥ ਨਾਲ ਜਿਥੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਉਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਦਵਾਈਆਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਮਿਆਰੀ ਦਵਾਈਆਂ ਤੇ ਖਾਧ ਪਦਾਰਥ ਹੀ ਸਪਲਾਈ ਹੋਣ ਤੇ ਉਨਾਂ ਦੀ ਸਿਹਤ ਨਾਲ ਕਿਸੇ ਤਰਾਂ ਦਾ ਖਿਲਵਾੜ ਨਾਂ ਹੋ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਨੇ ਦਿਤੀ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਚੈਕਿੰਗ ਉਪਰੰਤ ਹੁਣ ਤਕ 5 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ। ਇਸ ਦੌਰਾਨ ਸ਼ਕੀ ਦਵਾਈਆਂ ਦੇ 20 ਨਮੂਨੇ ਵੀ ਭਰੇ ਗਏ ਅਤੇ ਦੋ ਕੋਰਟ ਕੇਸ ਵੀ ਤਿਆਰ ਕੀਤੇ ਗਏ। ਇਸ ਮਿਸ਼ਨ ਦੌਰਾਨ ਫਰੀਦਕੋਟ ਜ਼ਿਲੇ ਵਿਚ ਕੁਲ 50 ਫ਼ਰਮਾਂ ਦੀ ਜਾਂਚ ਕੀਤੀ ਗਈ। ਇਨਾਂ ਫ਼ਰਮਾਂ ਵਿਚੋਂ ਕੁਝ ‘ਚ ਤਰੁਟੀਆਂ ਅਤੇ ਉਲੰਘਣਾ ਆਦਿ ਪਾਈਆਂ ਗਈਆਂ। ਜਿਸ ਲਈ ਅਗਲੇਰੀ ਕਾਰਵਾਈ ਆਰੰਭੀ ਗਈ ਹੈ। ਉਨਾਂ ਦਸਿਆ ਕਿ 17805/- ਰੁਪਏ ਦੀਆਂ ਗੈਰ ਮਿਆਰੀ ਦਵਾਈਆਂ ਵੀ ਫੜੀਆਂ ਗਈਆਂ ਹਨ। ਉਨਾਂ ਹੋਰ ਦਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਤੋਂ ਚੈਕਿੰਗ ਦੌਰਾਨ 20 ਨਮੂਨੇ ਲਏ ਗਏ ਜਿਨਾਂ ਨੂੰ ਗੌਰਮਿੰਟ ਐਨਾਲਿਸਟ ਦੀ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਗਿਆ ਹੈ। ਜਿਨਾਂ ਵਿਚੋਂ ਇਕ ਨਮੂਨਾ ਮਿਸ ਬਰਾਂਡਿਡ ਪਾਇਆ ਗਿਆ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਵਲੋਂ ਜ਼ਿਲੇ ਵਿਚ ਦਵਾਈਆਂ ਦੇ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨਾਲ 11 ਮੀਟਿੰਗਾਂ ਵੀ ਕੀਤੀਆਂ ਗਈਆਂ । ਜਿਸ ਵਿਚ ਚੇਅਰਮੈਨ ਫੂਡ ਅਤੇ ਡਰਗਜ਼ ਐਡਮਨਿਸਟ੍ਰੇਸ਼ਨ ਦੀਆਂ ਹਦਾਇਤਾਂ ਮੁਤਾਬਿਕ ਦੁਰਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਦੀ ਵਰਤੋਂ ਨਾ ਕਰਨ ਅਤੇ ਦਵਾਈਆਂ ਦਾ ਸਹੀ ਰਿਕਾਰਡ ਅਪਡੇਟ ਕਰਨ ਦੀ ਹਿਦਾਇਤ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਲੋਕਾਂ ਨੂੰ ਦੁਧ ਅਤੇ ਦੁਧ ਤੋਂ ਤਿਆਰ ਖਾਦ ਪਦਾਰਥਾਂ ਆਦਿ ਮਿਲਾਵਟ ਰੋਕਣ ਲਈ ਵੀ ਛਾਪੇਮਾਰੀ ਕੀਤੀ ਗਈ। ਜਿਸ ਅਧੀਨ 20 ਅਗਸਤ 2018 ਨੂੰ ਬਠਿੰਡਾ ਤੋਂ ਪ੍ਰਾਈਵੇਟ ਕਾਰ ਰਾਹੀਂ ਲਿਆਂਦਾ ਗਿਆ 1 ਕੁਇੰਟਲ ਪਨੀਰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਨਮੂਨੇ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਗਏ। ਇਸੇ ਤਰਾਂ ਜੈਤੋ ਤੋਂ 1:50 ਕੁਇੰਟਲ ਮਿਠਿਆਈ ਬਰਾਮਦ ਕਰ ਕੇ ਆਪਣੇ ਕਬਜ਼ੇ ਵਿਚ ਲੈ ਲਈ ਗਈ ਜੋ ਕਿ ਚੰਡੀਗੜ ਅਤੇ ਫ਼ਾਜ਼ਿਲਕਾ ਤੋਂ ਤਿਉਹਾਰੀਂ ਸੀਜ਼ਨ ਦੌਰਾਨ ਵੇਚੀ ਜਾਣੀ ਸੀ ਦੇ ਸੈਂਪਲ ਵੀ ਲੈਬਾਰਟਰੀ ਵਿਚ ਭੇਜੇ ਗਏ। ਇਸੇ ਤਰਾਂ ਫਰੀਦਕੋਟ ਵਿਖੇ 3: 25 ਕੁਇੰਟਲ ਪਤੀਸਾ ਬਰਾਮਦ ਕੀਤਾ ਗਿਆ ਜਿਸ ਵਿਚੋਂ ਅਨਹਾਈਜੈਕਿਨ ਤਰੀਕੇ ਨਾਲ ਬਣਾਇਆ ਜਾ ਰਿਹਾ 1 ਕੁਇੰਟਲ ਪਤੀਸਾ ਨਸ਼ਟ ਕਰਵਾਇਆ ਗਿਆ ਜਦ ਕਿ 2:25 ਕੁਇੰਟਲ ਪਤੀਸੇ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਸੈਂਪਲ ਲੈ ਕੇ ਚੈਕਿੰਗ ਲਈ ਲੈਬਾਰਟਰੀ ਨੂੰ ਭੇਜ ਦਿਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਤੇ ਫੂਡ ਸੇਫ਼ਟੀ ਅਫ਼ਸਰ ਮੁਕਲ ਗਿਲ ਵੀ ਹਾਜ਼ਰ ਸਨ।

Send this to a friend