ਰਾਮਪੁਰਾ ਫੂਲ, 30 ਅਗਸਤ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਬੀਤੀ ਰਾਤ ਮੌੜ ਰੋਡ ’ਤੇ ਭੂੰਦੜ ਵਾਲੀ ਸੜਕ ਨੇੜੇ ਇੱਕ ਬੇਕਾਬੂ ਟਰੱਕ ਬਿਜਲੀ ਦੇ ਟਰਾਂਸਫਾਰਮ ਨਾਲ ਟਕਰਾ ਕੇ ਘਰ ਅੰਦਰ ਜਾ ਵੜਿਆ। ਜਿਸ ਦੇ ਕਾਰਨ ਘਰ ਅੰਦਰ ਇੱਕ ਬਜੁਰਗ ਔਰਤ ਜਖਮੀ ਜੋ ਕਿ ਵਿਹੜੇ ਵਿਚ ਸੌ ਰਹੀ ਸੀ। ਮਿਲੇ ਵੇਰਵਿਆਂ ਅਨੁਸਾਰ ਬੀਤੀ ਰਾਤ ਤਕਰੀਬਨ ਦੋ ਕੁ ਵਜੇ ਇੱਕ ਬੇਕਾਬੂ ਟਰੱਕ ਨੰਬਰ ਪੀ.ਬੀ.13 ਏ.ਐਫ. 5545 ਜੋ ਕਿ ਰਾਮਪੁਰਾ ਫੂਲ ਤੋ ਮੌੜ ਨੂੰ ਜਾ ਰਿਹਾ ਸੀ ਤੇਜ ਰਫਤਾਰ ਨਾਲ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਅਮਰੀਕ ਸਿੰਘ ਦੇ ਘਰ ਅੰਦਰ ਜਾ ਵੜਿਆ । ਟਰੱਕ ਨੇ ਘਰ ਦੀਆਂ ਕੰਧਾਂ ਨੂੰ ਭੰਨਣ ਤੋ ਇਲਾਵਾ ਕੁੱਝ ਦਰੱਖਤਾਂ ਨੂੰ ਵੀ ਲਪੇਟ ਵਿਚ ਲੈ ਲਿਆ। ਉਕਤ ਘਰ ਵਿਚ ਸੌ ਰਹੀ ਇੱਕ ਬਜੁਰਗ ਔਰਤ ਗੁਲੋ ਕੌਰ 70 ਸਾਲ ਇਸ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਘਰ ਦੇ ਮੈਂਬਰ ਭਜਨ ਸਿੰਘ ਨੇ ਦੱਸਿਆ ਕਿ ਜੇਕਰ ਉਨਾਂ ਦੇ ਘਰ ਦਰੱਖਤ ਅੱਗੇ ਨਾ ਹੁੰਦੇ ਤਾਂ ਟਰੱਕ ਨੇ ਸਾਰੇ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਸੀ। ਇਸ ਟੱਕਰ ਕਾਰਨ ਟਰੱਕ ਡਰਾਇਵਰ ਮੌਕੇ ਤੋ ਫਰਾਰ ਹੋ ਗਿਆ। ਇਸ ਮੌਕੇ ਮੌੜ ਹਲਕੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਪੀੜਿਤ ਪਰਿਵਾਰ ਦੇ ਘਰ ਪੁੱਜੇ ਅਤੇ ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ਼ ਦੁਆਇਆ ਕਿ ਟਰੱਕ ਮਾਲਕਾਂ ਨਾਲ ਗੱਲ ਕਰਕੇ ਨੁਕਸਾਨ ਦੀ ਭਰਪਾਈ ਕਰਵਾ ਦਿੱਤੀ ਜਾਵੇਗੀ। ਪਾਵਰਕਾਮ ਦਾ ਵੀ ਹੋਇਆ ਨੁਕਸਾਨ: ਟਰੱਕ ਨੇ ਜਿੱਥੇ ਪਾਵਰਕਾਮ ਖੰਭੇ ਨੂੰ ਨੁਕਸਾਨ ਪਹੁੰਚਾਇਆ, ਉਥੇ ਹੀ ਟਰਾਂਸਫਾਰਮ ਵੀ ਬੁਰੀ ਤਰਾਂ ਨਸ਼ਟ ਹੋ ਗਿਆ। ਸਵੇਰ ਤੱਕ ਇੰਡਸਟਰੀ ਏਰੀਏ ਦੀ ਬਿਜਲੀ ਵੀ ਪ੍ਰਭਾਵਿਤ ਰਹੀ। ਪਾਵਰਕਾਮ ਦੇ ਜੇ.ਈ ਰੇਸ਼ਮ ਸਿੰਘ ਨੇ ਦੱਸਿਆ ਕਿ ਉਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।