ਘਟੀਆ ਮਿਆਰ ਦਾ ਦੁੱਧ ਤੇ ਖੋਆ ਕੀਤਾ ਨਸ਼ਟ, ਕਾਲੇ ਸ਼ਾਹ ਖੋਏ ਵਾਲੇ ਤੋਂ ਨਹੀਂ ਮਿਲਿਆ ਦੁੱਧ ਦਾ ਤੁਪਕਾ, ਬਨਸਪਤੀ ਤੇ ਦੇਸੀ ਘਿਉ ਕੀਤਾ ਜ਼ਬਤ
ਅੰਮ੍ਰਿਤਸਰ, 24 ਅਗਸਤ (ਦਵਾਰਕਾ ਨਾਥ ਰਾਣਾ)- ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਤਿਉਹਾਰਾਂ ਦੇ ਮੌਕੇ ’ਤੇ ਜਿਲ੍ਹਾ ਵਾਸੀਆਂ ਨੂੰ ਸਾਫ-ਸੁਥਰੇ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀਆਂ ਗਈਆਂ ਤਿਆਰੀਆਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਜਿਲ੍ਹਾ ਸਿਹਤ ਅਧਿਕਾਰੀ ਸ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਸ਼ਹਿਰ ਦੇ ਮਸ਼ਹੂਰ ਮਿਠਾਈ ਵਿਕਰੇਤਾ ਸ੍ਰੀ ਬੀਕਾਨੇਰ ਸਵੀਟਸ, ਜੋ ਕਿ ਕਚਿਹਰੀ ਚੌਕ, ਹਵਾਈ ਅੱਡਾ ਰੋਡ ਤੇ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਿਠਾਈ ਦਾ ਕਾਰੋਬਾਰ ਚਲਾ ਰਹੇ ਹਨ, ਦੀ ਮਿਠਾਈ ਬਨਾਉਣ ਦੀ ਫੈਕਟਰੀ, ਜੋ ਕਿ ਮਾਹਲ ਪਿੰਡ ਵਿਖੇ ਸਥਿਤ ਹੈ, ਵਿਖੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਕਈ ਖਾਮੀਆਂ, ਜੋ ਕਿ ਫੂਡ ਸੇਫਟੀ ਤੇ ਸਟੈਂਡਰਡ ਐਕਟ ਦੀ ਸਿੱਧੀ ਉਲੰਘਣਾ ਕਰਦੀਆਂ ਹਨ, ਫੜੀਆਂ। ਸ. ਭਾਗੋਵਾਲੀਆ ਨੇ ਦੱਸਿਆ ਕਿ ਇਥੋਂ ਅਸੀਂ ਖੋਆ, ਖੋਆ ਬਰਫੀ, ਦੁੱਧ, ਦੁੱਧ ਕੇਕ, ਪਿੰਨੀ, ਚਾਕਲੇਟ ਬਰਫੀ ਆਦਿ ਦੇ 6 ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਘਟੀਆ ਮਿਆਰ ਦਾ 150 ਕਿਲੋਗ੍ਰਾਮ ਦੁੱਧ ਤੇ 100 ਕਿਲੋਗ੍ਰਾਮ ਖੋਆ ਨਸ਼ਟ ਕੀਤਾ। ਇਸੇ ਦੌਰਾਨ ਟੀਮ ਨੇ ਜਿਲ੍ਹੇ ਵਿਚ ਖੋਏ ਦੀ ਸਪਲਾਈ ਲਈ ਜਾਣੇ ਜਾਂਦੇ ਕਾਕੇ ਸ਼ਾਹ ਖੋਏ ਵਾਲੇ ਦੇ ਰਾਣੀ ਕਾ ਬਾਗ ਘਰ ਤੋਂ 250 ਕਿਲੋਗ੍ਰਾਮ ਖੋਆ ਬਰਾਮਦ ਕੀਤਾ, ਪਰ ਦੁੱਧ ਦੀ ਇਕ ਬੂੰਦ ਵੀ ਨਾ ਮਿਲਣ ਕਾਰਨ ਸਾਰਾ ਮਾਮਲਾ ਸ਼ੱਕੀ ਬਣ ਗਿਆ। ਇਥੋਂ ਟੀਮ ਨੇ 170 ਕਿਲੋਗ੍ਰਾਮ ਸਕਿਮਡ ਮਿਲਕ ਪਾਊਡਰ, 60 ਕਿਲੋ ਵਨਸਪਤੀ ਘਿਉ ਤੇ 45 ਕਿਲੋ ਦੇਸੀ ਘਿਉ ਕਬਜ਼ੇ ਵਿਚ ਲਿਆ ਹੈ। ਸਫਾਈ ਪੱਖੋਂ ਇੱਥੇ ਹਾਲਤ ਬਹੁਤ ਬਦਤਰ ਮਿਲੇ, ਜੋ ਕਿ ਫੂਡ ਸੇਫਟੀ ’ਤੇ ਕਿਸੇ ਵੀ ਤਰਾਂ ਖਰੇ ਨਹੀਂ ਉਤਰਦੇ। ਉਕਤ ਦੋਵੇਂ ਸਥਾਨਾਂ ਨੂੰ ਟੀਮ ਨੇ ਆਰਜ਼ੀ ਤੌਰ ’ਤੇ ਸੀਲ ਕਰ ਦਿੱਤਾ ਹੈ ਅਤੇ ਬੀਕਾਨੇਰ ਸਵੀਟਸ ਦਾ ਲਾਇਸੈਂਸ 2 ਹਫਤਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੰਨਾਂ ਨੂੰ ਫੂਡ ਸੇਫਟੀ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਨੋਟਿਸ ਜਾਰੀ ਕੀਤੇ ਹਨ।