April 30, 2026 2:18 am

5178 ਮਾਸਟਰ ਕਾਡਰ ਯੂਨੀਅਨ ਦੇ ਅਧਿਆਪਕਾਂ ਵੱਲੋਂ ਵਿਧਾਇਕ ਨੂੰ ਮੰਗ ਪੱਤਰ

ਬੋਹਾ, 23 ਅਗਸਤ (ਸੰਤੋਖ ਸਾਗਰ)- 5178 ਮਾਸਟਰ ਕਾਡਰ ਯੂਨੀਅਨ ਦੇ ਅਧਿਆਪਕਾਂ ਵੱਲੋਂ ਹਲਕਾ ਬੁਢਲਾਡਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਸਿੱਖਿਆ ਸੰਬੰਧੀ ਮਸਲੇ ਉਠਾਉਣ ਲਈ ਨਿਯੁਕਤ ਮੈਂਬਰ ਪ੍ਰਿੰਸੀਪਲ ਬੁੱਧਰਾਮ ਨੂੰ ਮੰਗ ਪੱਤਰ ਦਿੱਤਾ ਗਿਆ। ਅਧਿਆਪਕਾਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਨਿਯੁਕਤੀ ਪੱਤਰ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ 5178 ਅਧਿਆਪਕ ਨਵੰਬਰ 2017 ਨੂੰ ਆਪਣੇ ਤਿੰਨ ਸਾਲ ਪੂਰੇ ਕਰ ਚੁੱਕੇ ਹਨ ਅਤੇ ਉਹਨਾਂ ਦੇ ਰੈਗੂਲਰ ਸੰਬੰਧੀ ਕੇਸ ਵੀ ਸਿੱਖਿਆ ਵਿਭਾਗ ਨੇ ਲੈ ਲਏ ਹਨ ਪਰ ਅੱਜ 9 ਮਹੀਨੇ ਬੀਤ ਜਾਣ ਤੇ ਵੀ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਸਿਰਫ 6000 ਰੁਪਏ ਨਿਗੁਣੀ ਤਨਖਾਹ ਅਤੇ 500 ਰੁਪਏ ਸਲਾਨਾ ਨਿਗੁਣੇ ਵਾਧੇ ਤੇ ਕੰਮ ਕਰਦੇ ਇਹਨਾਂ ਅਧਿਆਪਕਾਂ ਦਾ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਬਜਾਏ ਸਰਕਾਰ ਵੱਲੋਂ ਉਹਨਾਂ ਨੂੰ ਮਿਲਣ ਵਾਲੀ 7500 ਰੁਪਏ ਨਿਗੁਣੀ ਤਨਖਾਹ ਵੀ ਬੰਦ ਕਰ ਦਿੱਤੀ ਗਈ ਹੈ।ਅਧਿਆਪਕ ਗੁਰਪ੍ਰੀਤ ਬੀਰੋਕੇ, ਅਧਿਆਪਕ ਗੁਰਦੀਪ ਸਿੰਘ ਗਾਮੀਵਾਲਾ ਅਤੇ ਉਧਮ ਆਲਮ ਬੁਢਲਾਡਾ ਨੇ ਵਿਧਾਇਕ ਨੂੰ ਦੱਸਿਆ ਕਿ ਸਮੇਂ ਸਿਰ ਰੈਗੂਲਰ ਨਾ ਹੋਣ ਅਤੇ ਲੰਬੇ ਸਮੇਂ ਤੋਂ ਰੁਕੀ ਤਨਖਾਹ ਕਾਰਨ ਕਾਡਰ ਦੇ ਅਧਿਆਪਕ ਆਰਥਿਕ ਤੇ ਮਾਨਸਿਕ ਤੌਰ ਤੇ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਰਕਾਰ ਉਹਨਾਂ ਤੋਂ ਪਹਿਲਾਂ 7654,3442 ਕਾਡਰ ਦੇ ਅਧਿਆਪਕਾਂ ਨੂੰ ਰੈਗੂਲਰ ਕਰ ਚੁੱਕੀ ਹੈ ਪਰ ਬਿਲਕੁਲ ਇਸੇ ਤਰਜ਼ ਤੇ ਮਨਜ਼ੂਰ ਸ਼ੁਦਾ ਅਸਾਮੀਆਂ ਤੇ ਭਰਤੀ ਕੀਤੇ 2011 ਦਾ ਟੈਟ ਪਾਸ 5178 ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਸਰਕਾਰ ਉਹਨਾਂ ਨੂੰ ਘੱਟ ਤਨਖਾਹ ਤੇ ਸਮਝੌਤਾ ਕਰਨ ਦੀਆਂ ਨਿਗੁਣੀਆਂ ਤਜਵੀਜਾ ਦੇ ਰਹੀ ਹੈ। ਅਧਿਆਪਕਾਂ ਨੇ ਹਲਕਾ ਵਿਧਾਇਕ ਨੂੰ 5178 ਅਧਿਆਪਕਾਂ ਨੂੰ ਜਲਦ ਤੋਂ ਜਲਦ ਪੂਰੇ ਸਕੇਲ ਤੇ ਰੈਗੂਲਰ ਕਰਨ ਦੀ ਮੰਗ ਵਿਧਾਨ ਸਭਾ ਵਿੱਚ ਉਠਾਉਣ ਲਈ ਕਿਹਾ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਯਕੀਨ ਦਿਵਾਇਆ ਕਿ 24 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਹ ਉਹਨਾਂ ਦੀਆਂ ਇਹਨਾਂ ਜਾਇਜ ਮੰਗਾਂ ਨੂੰ ਜੋਰ-ਸ਼ੋਰ ਨਾਲ ਉਠਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਦਾਤੇਵਾਸ, ਗੁਰਪ੍ਰੀਤ ਬੀਰੋਕੇ, ਖੁਸ਼ਨਸੀਬ ਬੁਢਲਾਡਾ, ਗੁਰਸੇਵਕ ਬੁਢਲਾਡਾ, ਸੱਤਪਾਲ ਰਿਉਂਦ ਅਤੇ ਗੁਰਪ੍ਰੀਤ ਸਿੰਘ ਸ਼ੇਰਖਾਵਾਲਾ ਹਾਜ਼ਿਰ ਸਨ।

Send this to a friend