ਸੱਸ, ਦਿਉਰ ਤੇ ਨਣਦ ’ਤੇ ਪਰਚਾ ਦਰਜ-ਮਾਮਲਾ ਸ਼ੱਕ ਦੇ ਘੇਰੇ ’ਚ
ਜਗਰਾਉਂ, 20 ਅਗਸਤ (ਪਰਮਜੀਤ ਸਿੰਘ ਗਰੇਵਾਲ)- ਪਿੰਡ ਰਾਊਵਾਲ ਦੀ ਵਸਨੀਕ ਅਤੇ ਹਸਪਤਾਲ ਵਿਖੇ ਜੇਰੇ ਇਲਾਜ ਸਵਰਨਜੀਤ ਕੌਰ (48) ਪਤਨੀ ਮਹਿੰਦਰ ਸਿੰਘ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਮੇਰਾ ਸਹੁਰੇ ਪਰਿਵਾਰ ਨਾਲ ਇੱਕ ਰਿਹਾਇਸੀ ਕਮਰੇ ਨੂੰ ਲੈ ਕੇ ਝਗੜਾ ਚੱਲਦਾ ਸੀ, ਜਿਸ ਦਾ ਅਜੇ ਕੱਲ ਹੀ ਨਿਪਟਾਰਾ ਹੋਇਆ ਸੀ। ਇਸ ਉਪਰੰਤ ਮੈਂ ਕੱਲ ਜਦੋਂ ਆਪਣੀ ਸੱਸ ਨਛੱਤਰ ਕੌਰ ਦੇ ਘਰ ਇਹ ਕਹਿਣ ਲਈ ਗਈ ਕਿ ਹੁਣ ਆਪਾਂ ਰਲ ਮਿਲਕੇ ਰਹਿਣਾ ਹੈ ਪਰ ਮੇਰੀ ਸੱਸ ਨਛੱਤਰ ਕੌਰ, ਦਿਉਰ ਹਰਜਿੰਦਰ ਸਿੰਘ ਅਤੇ ਨਣਦ ਮਹਿੰਦਰ ਕੌਰ ਨੇ ਰਲਕੇ ਮੇਰੀ ਕੁੱਟਮਾਰ ਕਰਨ ਉਪਰੰਤ ਮੈਨੂੰ ਅੱਗ ਲਗਾਕੇ ਘਰੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਘਟਨਾ ਦੇ ਵਾਪਰਨ ਉਪਰੰਤ ਡੀ.ਐਸ.ਪੀ. ਜਗਰਾਉਂ ਪ੍ਰਭਜੋਤ ਕੌਰ ਅਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ਼ ਐਸ.ਆਈ. ਨਵਦੀਪ ਸਿੰਘ ਨੇ ਮੌਕੇ ‘ਤੇ ਜਾ ਕੇ ਸਾਰੀ ਜਾਂਚ ਕੀਤੀ, ਜਿਸ ਦੌਰਾਨ ਪੁਲਿਸ ਨੂੰ ਇਹ ਸ਼ੱਕ ਹੋ ਗਿਆ ਸੀ ਕਿ ਸਵਰਨਜੀਤ ਕੌਰ ਨੇ ਖੁਦ ਨੂੰ ਹੀ ਅੱਗ ਲਗਾਈ ਸੀ। ਪਰ ਫਿਰ ਵੀ ਸ਼ਵਰਨਜੀਤ ਕੌਰ ਦੇ ਬਿਆਨਾਂ ‘ਤੇ ਉਕਤ ਤਿੰਨੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਧਾਰਾ 307, 34 ਆਈ.ਪੀ.ਸੀ. ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾਂ ਨੰਬਰ 246 ਦਰਜ ਕਰ ਲਿਆ ਹੈ। ਪਰ ਅਜੇ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਪਾਈ। ਇਥੇ ਜਿਕਰਯੋਗ ਹੈ ਕਿ ਸਵਰਨਜੀਤ ਕੌਰ ਦੀ ਸ਼ਾਦੀਸੁਦਾ ਨਣਦ ਮਹਿੰਦਰ ਕੌਰ ਦਾ ਪਹਿਲਾਂ ਹੀ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲਦਾ ਹੈ ਅਤੇ ਉਹ ਆਪਣੀ ਬੇਟੀ ਸਮੇਤ ਆਪਣੀ ਮਾਂ ਨਛੱਤਰ ਕੌਰ ਦੇ ਕੋਲ ਹੀ ਰਹਿ ਰਹੀ ਹੈ।