April 29, 2026 12:40 pm

ਅੰਮ੍ਰਿਤਸਰ ਤੋਂ ਗੋਬਿੰਦ ਸਾਗਰ ਝੀਲ ਤੱਕ ਬੱਚਿਆਂ ਵੱਲੋਂ ਸਾਈਕਲ ਰੈਲੀ

ਅੰਮ੍ਰਿਤਸਰ, 20 ਅਗਸਤ (ਰਾਜੇਸ਼ ਡੈਨੀ, ਬਿਕਰਮਜੀਤ ਸਿੰਘ)- ਸੈਕੰਡ ਪੰਜਾਬ ਐਨ ਸੀ ਸੀ ਨੇਵਲ ਯੂਨਿਟ ਵੱਲੋਂ ਕੱਢੀ ਗਈ ਸਾਈਕਲ ਰੈਲੀ, ਜੋ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੋਬਿੰਦ ਸਾਗਰ ਝੀਲ ਨੰਗਲ ਡੈਮ ਤੱਕ ਜਾਣੀ ਹੈ, ਨੂੰ ਗੋਲਡਨ ਟੈਂਪਲ ਪਲਾਜ਼ੇ ਤੋਂ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜਿੱਥੇ ਰੈਲੀ ਕਰਵਾਉਣ ਲਈ ਕਮਾਡੋਰ ਸ੍ਰੀ ਬੱਲ ਰਾਜੇਸ਼ ਸਿੰਘ ਨੂੰ ਵਧਾਈ ਦਿੱਤੀ, ਉਥੇ ਦੱਸਿਆ ਕਿ ਅੰਮ੍ਰਿਤਸਰ ਵਿਚ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸਾਡਾ ਐਨ ਸੀ ਸੀ ਦਾ ਨੇਵੀ ਵਿੰਗ ਦੇਸ਼ ਭਰ ਵਿਚੋਂ ਮੋਹਰੀ ਆ ਰਿਹਾ ਹੈ। ਸ. ਸੰਘਾ ਨੇ ਦੱਸਿਆ ਕਿ ਅੱਜ ਇਹ ਬੱਚੇ, ਜੋ ਸ੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਰਵਾਨਾ ਹੋਏ ਹਨ, ਕੱਲ ਤੋਂ ਦੋ ਹਫਤਿਆਂ ਲਈ ਗੋਬਿੰਦ ਸਾਗਰ ਝੀਲ ਵਿਖੇ ਸ਼ੁਰੂ ਹੋਣ ਵਾਲੇ ਕਿਸ਼ਤੀ ਦੌੜ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ।
ਉਨਾਂ ਦੱਸਿਆ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਕੁੱਲ 75 ਬੱਚਿਆਂ ਵਿਚੋਂ 50 ਬੱਚੇ ਅੰਮ੍ਰਿਤਸਰ ਦੇ ਹਨ ਅਤੇ ਇਨਾਂ ਵਿਚ ਵੀ 18 ਲੜਕੀਆਂ ਹਨ। ਸ. ਸੰਘਾ ਨੇ ਦੱਸਿਆ ਕਿ ਸਮੁੰਦਰ ਤੋਂ ਦੂਰਾਡੇ ਹਿੱਸੇ ਅਕਸਰ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਵਿਚ ਭਾਗ ਹੀ ਨਹੀਂ ਲੈਂਦੇ, ਪਰ ਰਾਜੇਸ਼ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸਾਡੇ ਬੱਚਿਆਂ ਨੂੰ ਚੰਗਾ ਮੰਚ ਮਿਲਿਆ ਹੈ। ਕਮਾਡੋਰ ਸ੍ਰੀ ਬੱਲ ਰਾਜੇਸ਼ ਸਿੰਘ ਨੇ ਦੱਸਿਆ ਕਿ ‘ਸਰੋਵਰ ਤੋਂ ਸਾਗਰ ਤੱਕ’ ਥੀਮ ਨੂੰ ਅਧਾਰ ਬਣਾ ਕੇ ਇਹ ਰੈਲੀ ਸ੍ਰੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈ ਕੇ ਕੀਤੀ ਗਈ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਨੰਗਲ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਡੇ ਬੱਚੇ 4 ਟਰਾਫੀਆਂ ਤੇ 33 ਮੈਡਲ ਜਿਤ ਕੇ ਆਲ ਇੰਡੀਆ ਸਮੁੰਦਰੀ ਸੈਨਿਕ ਕੈਂਪ ਦੇ ਚੈਂਪੀਅਨ ਬਣੇ ਹਨ। ਇਸੇ ਤਰਾਂ ਰੀਪਬਲਿਕ ਡੇਅ ਕੈਂਪ ਵਿਚ ਸਾਡੀ ਟੀਮ ਸਮੁੰਦਰੀ ਫੌਜ ਸਿਖਲਾਈ ਕੈਂਪ ਵਿਚ ਦੇਸ਼ ਭਰ ਵਿਚੋਂ ਇਕ ਨੰਬਰ ’ਤੇ ਰਹੀ ਅਤੇ ਜਹਾਜ਼ਾਂ ਦੇ ਮਾਡਲ ਬਨਾਉਣ ਦੇ ਮੁਕਾਬਲੇ ਵਿਚ 6 ਮੈਡਲ ਤੇ 2 ਟਰਾਫੀਆਂ ਜਿੱਤੀਆਂ ਹਨ। ਉਨਾਂ ਇਨਾਂ ਪ੍ਰਾਪਤੀਆਂ ਲਈ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾ ਦੀਆਂ ਕੋਸ਼ਿਸ਼ ਸਦਕਾ ਇਹ ਸੰਭਵ ਹੋਇਆ ਹੈ। ਇਸ ਮੌਕੇ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Send this to a friend