ਚੰਡੀਗੜ੍ਹ, 8 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਾਂ ਦੇ ਲਾਈਸੈਂਸ ਜਾਰੀ ਕਰਨ ਅਤੇ ਇਨ੍ਹਾਂ ਨੂੰ ਨਵਿਆਉਣ ਸਬੰਧੀ ਲਾਜ਼ਮੀ ਡੋਪ ਟੈਸਟ ਤੋਂ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਇਹ ਫੈਸਲਾ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਦੇ ਗਰੁੱਪ ਵੱਲੋਂ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਲਿਆ। ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਾਂ ਵੱਲੋਂ ਕਿਹਾ ਗਿਆ ਸੀ ਕਿ ੳਨ੍ਹਾਂ ਵਿੱਚੋਂ ਬਹੁਤ ਸਾਰਿਆਂ ਕੋਲ ਦਹਾਕਿਆਂ ਤੋਂ ਹਥਿਆਰਾਂ ਦੇ ਲਾਈਸੈਂਸ ਹਨ। ਮੁੱਖ ਮੰਤਰੀ ਨੇ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤੀ ਜਤਾਈ ਅਤੇ ਉਨ੍ਹਾਂ ਦੇ ਰਿਕਾਰਡ ਅਤੇ ਉਮਰ ਨੂੰ ਪ੍ਰਵਾਨਦਿਆਂ ਉਨ੍ਹਾਂ ਨੂੰ ਛੋਟ ਦੇਣ ਦਾ ਫੈਸਲਾ ਲਿਆ। ਸੂਬਾ ਸਰਕਾਰ ਵੱਲੋਂ ਨਿਵੇਦਕਾਂ ਨੂੰ ਹਥਿਆਰਾਂ ਦੇ ਲਾਈਸੈਂਸ ਜਾਰੀ ਕਰਨ ਵਾਸਤੇ ਡੋਪ ਟੈਸਟ ਨੂੰ ਲਾਜ਼ਮੀ ਬਣਾਏ ਜਾਣ ਦੇ ਲਏ ਗਏ ਫੈਸਲੇ ਤੋਂ ਤਕਰੀਬਨ ਛੇ ਮਹੀਨੇ ਬਾਅਦ ਇਹ ਫੈਸਲਾ ਲਿਆ ਹੈ।