April 26, 2026 5:09 am

ਬਿਜਲੀ ਮੰਤਰੀ ਵੱਲੋਂ ਰਿਕਾਰਡ 2749 ਲੱਖ ਯੂਨਿਟ ਬਿਜਲੀ ਸਪਲਾਈ ਲਈ ਪਾਵਰ ਨਿਗਮ ਦੀ ਸ਼ਲਾਘਾ

ਬਠਿੰਡਾ, 6 ਅਗਸਤ (ਸੁਖਵਿੰਦਰ ਸਰਾਂ, ਨਰਿੰਦਰ ਪੁਰੀ)- ਪੰਜਾਬ ਦੇ ਬਿਜਲੀ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਨੇ ਆਖਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਡਿਗਦੇ ਪਧਰ ਨੂੰ ਧਿਆਨ ਵਿਚ ਰਖਦਿਆਂ ਹੀ ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਨੀਤੀ ਦੀ ਨਜ਼ਰਸਾਨੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿੰਨ੍ਹਾਂ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦਾ ਜ਼ਿਆਦਾ ਦੋਹਨ ਹੋਇਆ ਹੈ ਉਥੇ ਟਿਊਬਵੈਲਾਂ ਦੀ ਗਿਣਤੀ ਵਿਚ ਵਾਧੇ ਸਮੇਂ ਕੁਦਰਤੀ ਸ੍ਰੋਤ ਦੀ ਉਪਲਬੱਧਤਾ ਨੂੰ ਧਿਆਨ ਵਿਚ ਰੱਖਿਆ ਜਾਵੇਗਾ।ਅਜ ਇਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਢਾਈ ਏਕੜ ਤੋਂ ਘਟ ਮਾਲਕੀ ਵਾਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਣ ਦੀ ਆਪਣੀ ਹੀ ਯੋਜਨਾ ਬਣਾ ਕੇ 50 ਹਜ਼ਾਰ ਕਿਸਾਨਾਂ ਨੂੰ ਡਿਮਾਂਡ ਨੋਟਿਸ ਜਾਰੀ ਕਰ ਦਿਤੇ ਸਨ ਪਰ ਅਜਿਹਾ ਕਰਦੇ ਸਮੇਂ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਵਿਚਾਰਿਆ ਨਹੀਂ ਗਿਆ ਸੀ ਜੋ ਕਿ ਖੇਤੀ ਅਧਾਰਤ ਸੂਬੇ ਲਈ ਇਸ ਸਮੇਂ ਮੁਖ ਚਿੰਤਾ ਦਾ ਵਿਸ਼ਾ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇੰਨਾਂ ਡਿਮਾਂਡ ਨੋਟਿਸਾਂ ਦੇ ਮਦੇਨਜ਼ਰ ਆਉਣ ਵਾਲੇ ਮਹੀਨਿਆਂ ਦੌਰਾਨ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜਿੰਨਾਂ ਕਿਸਾਨਾਂ ਦੀ ਜ਼ਮੀਨ ਢਾਈ ਏਕੜ ਤੋਂ ਘਟ ਹੈ ਪਰ ਉਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਕੋਟੇ ਅਧੀਨ ਕੋਈ ਕੁਨੈਕਸ਼ਨ ਜਾਰੀ ਨਹੀਂ ਕੀਤਾ ਜਾਵੇਗਾ।ਪੰਜਾਬ ਬਿਜਲੀ ਨਿਗਮ ਵਲੋਂ ਬਿਜਲੀ ਸਪਲਾਈ ਦੇ ਆਪਣੇ ਹੀ ਰਿਕਾਰਡ ਨੂੰ ਮਾਤ ਦੇਣ ਦੀ ਸਲਾਘਾ ਕਰਦਿਆਂ ਸ: ਕਾਂਗੜ ਨੇ ਆਖਿਆ ਕਿ ਨਿਗਮ ਇਸ ਸਮੇਂ 2749 ਲਖ ਯੂਨਿਟ ਬਿਜਲੀ ਸਪਲਾਈ ਕਰ ਰਹੀ ਹੈ। ਉਨਾਂ ਕਿਹਾ ਕਿ ਇਸ ਸਮੇਂ ਬਿਜਲੀ ਦੀ ਮੰਗ 12059 ਮੈਗਾ ਵਾਟ ਚਲ ਰਹੀ ਹੈ। ਉਨਾਂ ਦਸਿਆ ਕਿ ਪਾਵਰ ਐਕਸਚੇਂਜ ਨੀਤੀ ਤਹਿਤ 6 ਲਖ ਯੂਨਿਟ ਬਿਜਲੀ 6.78 ਰੁਪਏ ਪ੍ਰਤੀ ਯੂਨਿਟ ਬਿਜਲੀ ਵੇਚੀ ਗਈ ਹੈ।ਇਸ ਦੌਰਾਨ ਸ: ਕਾਂਗੜ ਨੇ ਸੰਗਤ ਦੌਰਾਨ ਰਾਮਪੁਰਾ ਅਤੇ ਆਸ-ਪਾਸ ਦੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਰਾਪਮੁਰਾ ਦੇ ਐਸ.ਡੀ.ਐਮ. ਸ੍ਰੀ ਖੁਸ਼ਦਿਲ ਸਿੰਘ, ਡੀ.ਐਸ.ਪੀ. ਗੁਰਪ੍ਰੀਤ ਸਿੰਘ, ਬੀਡੀਪੀਓ ਭਗਤਾ ਧਰਮਪਾਲ ਸ਼ਰਮਾ, ਬੀਡੀਪੀਓ ਫੂਲ ਅਭਿਨਵ, ਬਿਜਲੀ ਨਿਗਮ ਭਗਤਾ ਦੇ ਕਾਰਜਕਾਰੀ ਇੰਜਨੀਅਰ ਕਪਿਲ ਦੇਵ ਅਰੋੜਾ ਅਤੇ ਰਾਮਪੁਰਾ ਦੇ ਕਾਰਜਕਾਰੀ ਇੰਜਨੀਅਰ ਐਲ.ਕੇ. ਬਾਂਸਲ ਵੀ ਹਾਜ਼ਰ ਸਨ।

Send this to a friend