ਪਟਿਆਲਾ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਸਥਾਨਕ ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਅਤੇ ਜ਼ਿਲਾ ਪਟਿਆਲਾ ਦੇ ਅਕਾਲੀ ਦਲ ਦੀ ਇਕਾਈ ਦੇ ਪ੍ਰਧਾਨ ਸ੍ਰ. ਸੁਰਜੀਤ ਸਿੰਘ ਰੱਖੜਾ ਦਾ ਵਿਦੇਸ਼ ਤੋਂ ਵਾਪਸ ਪਰਤਨ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰ. ਰੱਖੜਾ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸੀਨੀਅਰ ਸਟਾਫ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਇਸ ਮੀਟਿੰਗ ਦੌਰਾਨ ਸੰਬੋਧਿਤ ਹੁੰਦੇ ਹੋਏ ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਅਤੇ ਕਾਲਜ ਦੇ ਸਮੂਹ ਸਟਾਫ ਨੂੰ ਕਾਲਜ ਵਿੱਚ ਵਿਦਿਆਰਥੀਆਂ ਦੇ ਦਾਖਲਾ ਲੈਣ ਦੇ ਭਰਪੂਰ ਉਤਸ਼ਾਹ ਲਈ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਵੱਲੋਂ ਹਾਲ ਹੀ ਵਿੱਚ ਕੀਤੀ ਵਿਦੇਸ਼ ਯਾਤਰਾ ਦੇ ਤਜ਼ਰਬਿਆਂ ਨੂੰ ਸਾਰਿਆਂ ਨਾਲ ਸਾਂਝਿਆਂ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਮੁੱਖ ਮਕਸਦ ਖ਼ਾਲਸਾ ਕਾਲਜ ਪਟਿਆਲਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਹੈ। ਇਸੇ ਕਰਕੇ ਹੀ ਕਾਲਜ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਬਾਹਰਲੇ ਦੇਸ਼ਾਂ ਦੀਆਂ ਕਈ ਹੋਰ ਯੂਨੀਵਰਸਿਟੀਆਂ ਨਾਲ ਐਮ.ਓ.ਯੂ. ਸਾਈਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਅਧਿਆਪਕਾਂ ਨੂੰ ਹੋਰ ਮਿਹਨਤ ਕਰਦੇ ਹੋਏ ਕਾਲਜ ਨੂੰ ਹੋਰ ਉਚੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਮੀਟਿੰਗ ਦੇ ਆਰੰਭ ਮੌਕੇ ਸ੍ਰ. ਸੁਰਜੀਤ ਸਿੰਘ ਰੱਖੜਾ ਨੂੰ ਲੰਬੀ ਵਿਦੇਸ਼ ਯਾਤਰਾ ਉਪਰੰਤ ਵਾਪਸ ਪੰਜਾਬ ਪਰਤਨ ਅਤੇ ਕਾਲਜ ਵਿਖੇ ਆਉਣ ’ਤੇ ‘ਜੀ ਆਇਆਂ’ ਨੂੰ ਕਿਹਾ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਉਭਾ ਨੇ ਕਿਹਾ ਕਿ ਭਾਵੇਂ ਮੌਜੂਦਾ ਦੌਰ ਦੌਰਾਨ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਦੀ ਪ੍ਰਤੀਸ਼ਤਾ ਘੱਟ ਰਹੀ ਹੈ ਪਰੰਤੂ ਖ਼ਾਲਸਾ ਕਾਲਜ ਪਟਿਆਲਾ ਵਿਖੇ ਵਿਦਿਆਰਥੀਆਂ ਵਿੱਚ ਦਾਖਲਾ ਲੈਣ ਦਾ ਉਤਸ਼ਾਹ ਪਹਿਲਾਂ ਵਾਂਗ ਹੀ ਬਰਕਰਾਰ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਾਲਜ ਵਿੱਚ 5600 ਤੋਂ ਉਪਰ ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਡਾ. ਉਭਾ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਕਾਲਜ ਵਾਸਤੇ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਾਲ ਹੀ ਵਿੱਚ ਇਸ ਦੇ ਇੱਕ ਆਰਚਰੀ ਦੇ ਖਿਡਾਰੀ ਦੀ ਚੋਣ ਏਸ਼ੀਅਨ ਗੇਮਜ਼ ਵਾਸਤੇ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਦੇ ਸਖ਼ਤ ਮਿਹਨਤ ਕਰਨ ਵਾਲੇ ਸੁਭਾਅ ਦੀ ਵੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਅੱਗੇ ਵਧਦੇ ਰਹਿਣ ਲਈ ਅਤੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਪ੍ਰਵਾਹ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੀਟਿੰਗ ਵਿੱਚ ਕਾਲਜ ਦੇ ਸੀਨੀਅਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਤੇ ਸਮੱਸਿਆਵਾਂ ਨੂੰ ਰੱਖੜਾ ਸਾਹਿਬ ਨਾਲ ਸਾਂਝਿਆ ਕੀਤਾ।