ਰਾਜਪੁਰਾ, 31 ਜੁਲਾਈ (ਸਤਿੰਦਰ ਸੂਦ)- ਰਾਜਪੁਰਾ-ਪਟਿਆਲਾ ਰੋਡ ਨੇੜੇ ਪੁਰਾਣੀ ਅਨਾਜ਼ ਮੰਡੀ ਦੇ ਬਾਹਰ ਪਿਛਲੇ ਇਕ ਹਫਤੇ ਤੋਂ ਕੁੱਝ ਲੋਕਾਂ ਵਲੋਂ 2 ਖੋਖਿਆਂ ਨੂੰ ਅੱਗ ਲਾਉਣ ਤੋਂ ਬਾਅਦ ਕਾਰਵਾਈ ਲਈ ਦਰ ਦਰ ਭਟਕ ਰਹੇ ਪੀੜਤ ਦੁਕਾਨਦਾਰਾਂ ਵਲੋਂ ਥਾਣਾਂ ਸਿਟੀ ਪੁਲਿਸ ਤੋਂ ਇਲਾਵਾ ਉਚ ਅਧਿਕਾਰੀਆਂ ਨੂੰ ਗੁਹਾਰ ਲਾਉਣ ਤੋ ਬਾਅਦ ਵੀ ਕਾਰਵਾਈ ਨਹੀ ਕੀਤੀ ਗਈ। ਜਦਕਿ ਬੀਤੀ ਰਾਤ ਮੁੱੜ ਦੋਸ਼ੀ ਵਿਅਕਤੀਆਂ ਵਲੋਂ ਨੇੜਲੇ ਹੋਰ 2 ਖੋਖਿਆਂ ਨੂੰ ਅੱਗ ਲਾ ਦਿੱਤੀ ਗਈ ਹੈ। ਜਿਸ ਵਿਚ ਗਰੀਬ ਦੁਕਾਨਦਾਰਾਂ ਦੇ ਖੋਖਿਆਂ ਵਿਚ ਪਿਆ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ ਹੈ। ਦੁਕਾਨਦਾਰਾਂ ਨੇ ਖੋਖਿਆਂ ਨੂੰ ਅੱਗ ਲਾਉਣ ਵਿਚ ਪੁਲਿਸ ਦੀ ਮਿਲੀ ਭੁਗਤ ਤੇ ਸਤਾਧਾਰੀ ਲੀਡਰਾਂ ਹੱਥ ਹੋਣ ਦੀ ਗੱਲ ਵੀ ਕਹੀ ਹੈ ਅਤੇ ਪੀੜਤ ਦੁਕਾਨਦਾਰਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਨੂੰ ਸਮਾਪਤ ਕਰ ਲੈਣਗੇ।
ਇਸ ਸਬੰਧੀ ਗਲਬਾਤ ਕਰਦਿਆਂ ਪੀੜਤ ਦੁਕਾਨਦਾਰ ਅਸ਼ੋਕ ਕੁਮਾਰ ਅਤੇ ਲੱਕੀ ਕੁਮਾਰ ਨੇ ਕਿਹਾ ਕਿ ਪਿਛਲੇ 24 ਸਾਲਾਂ ਖੋਖਿਆਂ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਡੀ ਦੁਕਾਨਾਂ ਦੇ ਪਿਛਲੇ ਪਾਸੇ ਮਾਰਕਿਟ ਕਮੇਟੀ ਦੀ ਜਗਾਂ ਕਿਸੇ ਬਨੂੜ ਦੇ ਕਾਗਰਸੀ ਲੀਡਰ ਨੇ ਖਰੀਦੀ ਹੈ ਅਤੇ ਇਸ ਜਗਾਂ ਤੇ ਉਹ ਸ਼ੋ ਰੂਮ ਬਨਾਉਣ ਲਈ ਸਾਡੇ ਖੌਖਿਆਂ ਨੂੰ ਹਟਾ ਕੇ ਰਸਤਾ ਬਨਾਉਣਾ ਚਾਹੁੰਦਾ ਹੈ, ਜਿਸ ਕਰਕੇ ਰੋਜ਼ਾਨਾ ਹੀ ਸਾਰੇ ਦੁਕਾਨਦਾਰਾਂ ਨੂੰ ਧੱਮਕੀਆਂ ਦੇ ਰਹੇ ਹਨ।ਜਦਕਿ ਸਾਰੇ ਦੁਕਾਨਦਾਰਾਂ ਨੇ ਖੋਖੇ ਹਟਾਉਣ ਤੋਂ ਮਨਾ ਕੀਤਾ ਹੋਇਆ ਹੈ।ਬੀਤੇ ਦਿਨੀ ਦੇਰ ਰਾਤ ਨੂੰ 2 ਵਿਅਕਤੀਆਂ ਕਾਰ ਵਿਚ ਆਏ ਤੇ ਤੇਲ ਛਿੜੱਕ ਕੇ ਖੋਖਿਆਂ ਨੂੰ ਅੱਗ ਲਗਾ ਦਿੱਤੀ,ਜਿਸ ਬਾਰੇ ਸੀਸੀਟੀਵੀ ਫੁਟੇਜ ਵਿਚ ਦੋਸ਼ੀ ਸ਼ਰੇਆਮ ਕਾਰ ਤੇ ਆਕੇ ਤੇਲ ਦੀ ਕੈਨੀ ਕੱਡਕੇ ਅੱਗ ਲਾ ਰਹੇ ਹਨ,ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿਛਲੇ ਹਫਤੇ ਤੋਂ ਸਬੂਤਾਂ ਸਮੇਤ ਪੁਲਿਸ ਨੂੰ ਸ਼ਿਕਾਇਤ ਦਿਤੀ ਹੋਈ ਹੈ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀ ਕੀਤੀ ਹੈ।ਉਨ੍ਹਾਂ ਕਿਹਾਕਿ ਦੋਸ਼ੀ ਵਿਅਕਤੀ ਸਾਨੂੰ ਧਮਕੀਆਂ ਦੇ ਰਹੇ ਹਨ ਕੇ ਖੋਖਿਆਂ ਸਮੇ ਅੱਗ ਲਾ ਦਿਤੀ ਜਾਵੇਗੀ ਅਤੇ ਸਾਡੀ ਬਿਲਕੁਲ ਵੀ ਸੁਣਵਾਈ ਨਹੀ ਹੋ ਰਹੀ ਹੈ। ਇਸੇ ਦੋਰਾਨ ਮੋਕੇ ਤੇ ਮੋਜੂਦ ਜਿਲ੍ਹਾ ਭਾਜਪਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿਚ ਬਣੀ ਹੈ, ਰਾਜਪੁਰਾ ਸ਼ਹਿਰ ਅੰਦਰ ਗੁੰਡਾ ਰਾਜ ਦਾ ਬੋਲ ਬਾਲਾ ਵਧਦਾ ਜਾ ਰਿਹਾ ਹੈ, ਇਨ੍ਹਾਂ ਹੀ ਨਹੀ ਗਰੀਬਾਂ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਸੱਤਧਾਰੀ ਦਲ ਨਾਲ ਮਿਲਿਆ ਹੋਇਆ ਹੈ।ਸ਼ਹਿਰ ਅੰਦਰ ਸ਼ਰੇਆਮ ਨਜ਼ਾਇਜ਼ ਕਬਜੇ ਹੋ ਰਹੇ ਹਨ,ਉਨਹਾਂ ਕਿਹਾ ਕਿ ਗੁੰਡਾ ਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਭਾਜਪਾ ਜਲਦੀ ਹੀ ਸੜਕਾ ਤੇ ਧਰਨਾ ਦੇਣ ਲਈ ਮਜਬੂਰ ਹੋ ਜਾਵੇਗੀ।
ਕੀ ਕਹਿਣਾਂ ਹੈ ਡੀ ਐਸ ਪੀ ਦਾ- ਇਸ ਸਬੰਧੀ ਡੀ ਐਸ ਪੀ ਕਿਸ਼ਨ ਕੁਮਾਰ ਪਾਂਥੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਤਫਤੀਸ਼ ਚਲ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਜਾਦਾਂ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।