ਫਿਰੋਜ਼ਪੁਰ, 30 ਜੁਲਾਈ (ਸੰਦੀਪ ਕੰਬੋਜ ਜਈਆ)- ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਲਾਭਪਾਤਰੀਆਂ ਨੂੰ ਅਨਾਜ ਵੰਡਣ ਦੀ ਪ੍ਰਕਿਰਿਆ 100 ਫਿਸਦੀ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਈ-ਪੌਸ ਮਸ਼ੀਨ ਪ੍ਰਣਾਲੀ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਇਸ ਪ੍ਰਕ੍ਰਿਆ ਨਾਲ ਹੁਣ ਤਕ ਜ਼ਿਲ੍ਹੇ ਵਿਚ 12,538 ਕੁਅੰਟਲ ਕਣਕ ਲਾਭਪਾਤਰੀਆਂ ਨੂੰ ਵੰਡੀ ਜਾ ਚੁਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦਿਤੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਲਾਭਪਾਤਰੀ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ 5 ਕਿਲੋ ਪ੍ਰਤੀ ਜੀਅ/ਪ੍ਰਤੀ ਮਹੀਨਾ ਕਣਕ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਡਿਪੂਆਂ ਰਾਹੀਂ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਪੌਸ ਮਸ਼ੀਨਾਂ ਰਾਹੀਂ ਕਣਕ ਵੰਡਣ ਨਾਲ ਬਹੁਤ ਪਾਰਦਰਸ਼ਤਾ ਵਧੀ ਹੈ ਕਿਉਂਕਿ ਇਸ ਮਸ਼ੀਨ ‘ਤੇ ਲਾਭਪਾਤਰੀ ਦੇ ਉਂਗਲਾਂ ਦੇ ਨਿਸ਼ਾਨ ਅਤੇ ਅਖਾਂ ਦੀਆਂ ਪੁਤਲੀਆਂ ‘ਤੇ ਆਧਾਰਿਤ ਬਾਇਓਮੀਟਰਕ ਪਛਾਣ ਨਾਲ ਅਸਲ ਲਾਭਪਾਤਰੀ ਦੀ ਸ਼ਨਾਖ਼ਤ ਆਸਾਨੀ ਨਾਲ ਹੋ ਜਾਂਦੀ ਹੈ।ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ਼੍ਰੀ ਮੰਗਲ ਦਾਸ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋੜਵੰਦ ਪਰਿਵਾਰਾਂ ਤਕ ਸਸਤੇ ਅਨਾਜ ਦੀ ਯੋਜਨਾ ਦਾ ਲਾਭ ਪਹੁੰਚ ਸਕੇਗਾ ਅਤੇ ਕੋਈ ਵੀ ਦੂਜਾ ਵਿਅਕਤੀ ਇਸ ਦਾ ਦੁਰਉਪਯੋਗ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਲੋੜਵੰਦ ਨੂੰ ਸਰਕਾਰੀ ਸਹੂਲਤ ਦਾ ਲਾਭ ਦੇਣਾ ਹੈ।