ਬਰਨਾਲਾ, 27 ਜੁਲਾਈ (ਬਾਜ ਸਿੰਘ ਰਟੌਲ)- ਡਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮਪਾਲ ਗੁਪਤਾ ਅਤੇ ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਸੁਧਾਰ ਘਰ ਦਾ ਦੌਰਾ ਕਰਕੇ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸੁਧਾਰ ਘਰ ’ਚ ਸਾਫ਼-ਸਫ਼ਾਈ, ਬਿਜਲੀ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਹਨਾਂ ਸੁਧਾਰ ਘਰ ’ਚ ਕੈਦੀਆਂ ਲਈ ਬਣਾਏ ਜਾਂਦੇ ਖਾਣੇ ਦਾ ਰਸੋਈ ਘਰ ਵਿੱਚ ਨਿਰੀਖਣ ਵੀ ਕੀਤਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੁਧਾਰ ਘਰ ਦੇ ਬੰਦੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਵਲੋਂ ਸਵੇਰ ਦੇ ਸਮੇਂ ਬੰਦੀਆਂ ਨੂੰ ਆਪਣੇ ਸਰੀਰ ਅਰੋਗ ਰੱਖਣ ਲਈ ਵੱਖ-ਵੱਖ ਯੋਗ ਆਸਨਾਂ ਰਾਹੀਂ ਯੋਗਾ ਕਰਵਾਇਆ ਜਾਂਦਾ ਹੈ ਅਤੇ ਚੰਗੇ ਕੰਮਾਂ ਵਿੱਚ ਧਿਆਨ ਲਗਾਉਣ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ। ਸੁਧਾਰ ਘਰ ਵਿੱਚ ਕੈਦੀਆਂ ਨਾਲ ਮੁਲਾਕਾਤ ਦੌਰਾਨ ਸ੍ਰੀ ਧਰਮਪਾਲ ਗੁਪਤਾ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਉਹਨਾਂ ਕਿਹਾ ਕਿ ਜ਼ਿਲ੍ਹਾ ਸੁਧਾਰ ਘਰ ਵਿੱਚ ਕਿਸੇ ਵੀ ਕਿਸਮ ਦੀ ਕੋਈ ਗੈਰ-ਕਾਨੂੰਨੀ ਵਸਤੂ ਜਾਂ ਨਸ਼ੀਲੀ ਸਮੱਗਰੀ ਪ੍ਰਾਪਤ ਨਹੀਂ ਹੋਈ। ਇਸ ਮੌਕੇ ਸ੍ਰੀ ਧਰਮਪਾਲ ਗੁਪਤਾ ਨੇ ਜੇਲ੍ਹ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਸੁਧਾਰ ਘਰ ਦੇ ਬੰਦੀਆਂ ਨੂੰ ਲੋੜ ਮੁਤਾਬਕ ਸਮੇਂ-ਸਿਰ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੇਲ੍ਹ ਸੁਪਰਡੰਟ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਫਤੇ ਵਿੱਚ 2 ਬਾਰ ਸਿਹਤ ਵਿਭਾਗ ਦੀ ਮੋਬਾਇਲ ਮੈਡੀਕਲ ਵੈਨ ਸੁਧਾਰ ਘਰ ਵਿੱਚ ਲਗਾਤਾਰ ਆਉਂਦੀ ਹੈ ਅਤੇ ਹਫਤੇ ਵਿੱਚ 3 ਦਿਨ ਸਿਵਲ ਹਸਪਤਾਲ ਦੇ ਕਿਸੇ ਇੱਕ ਮਾਹਿਰ ਡਾਕਟਰ ਦੀ ਡਿਊਟੀ ਇੱਥੇ ਲੱਗੀ ਹੋਈ ਹੈ। ਸ੍ਰੀ ਗੁਪਤਾ ਨੇ ਜੇਲ੍ਹ ਪ੍ਰਸਾਸ਼ਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।