ਭਾਰਤ ਤਿਉਹਾਰਾਂ ’ਤੇ ਮੇਲਿਆ ਦਾ ਦੇਸ਼ ਹੈ। ਭਾਰਤ ਵਿੱਚ ਇਹੋ ਜਿਹਾ ਦਿਨ ਕੋਈ ਵੀ ਨਹੀਂ ਹੋਣਾ ਜਿਸ ਦਿਨ ਕੋਈ ਤਿਉਹਾਰ ਜਾਂ ਮੇਲਾ ਨਾ ਹੋਵੇ। ਭਾਰਤ ਦੀ ਵਸੋਂ ਜਿਆਦਾਤਰ ਖੇਤੀ ਨਾਲ ਸਬੰਧ ਹੋਣ ਕਰਕੇ ਸਾਡੇ ਜਿਆਦਾਤਰ ਤਿਉਹਾਰਾਂ ਦਾ ਸਬੰਧ ਰੁੱਤਾਂ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਹੀ ਸਾਉਣ ਮਹੀਨੇ ਵਿੱਚ ਭਾਰਤ ਦੇ ਪੰਜਾਬ,ਰਾਜਸਥਾਨ, ਹਰਿਆਣਾ ਆਦਿ ਸੂਬਿਆਂ ਵਿੱਚ ਤੀਆਂ ਦਾ ਤਿਉਹਾਰ ਆਪਣੇ ਆਪਣੇ ਸੱਭਿਆਚਰ ਪਹਿਰਾਵਿਆਂ ਨਾਲ ਸਜ-ਧਜ ਕੇ ਮੁਟਿਆਰਾਂ ਮਨਾਉਦੀਆਂ ਹਨ। ਪੰਜਾਬੀ ਸੱਭਿਆਚਾਰ ਆਪਣੇ ਵਿਰਸੇ ਨਾਲ ਜੁੜੇ ਤਿੱਥ-ਤਿਉਹਾਰਾਂ ਦਾ ਅਨਮੋਲ ਖਜ਼ਾਨਾ ਹੈ ਪੁਰਾਤਨ ਸਮੇ ਤੋਂ ਰੀਤੀ ਰਿਵਾਜ ਅਨੁਸਾਰ ਵਿਆਹੀਆਂ ਹੋਈਆਂ ਕੁੜੀਆਂ ਸਾਉਣ ਮਹੀਨੇ ਆਪੋ ਆਪਣੇ ਪੇਕਿਆਂ ਨੂੰ ਆਉਲਦੀਆਂ ਸਨ। ਸਾਉਣ ਮਹੀਨੇ ਵਿਚ ਪਿੰਡਾਂ ਦਾ ਮਾਹੌਲ ਬੜਾ ਹੀ ਰੋਚਕਮਈ ਮੇਲਿਆਂ ਵਰਗਾ ਹੋ ਜਾਂਦਾ ਸੀ। ਸੱਜ ਵਿਆਹੀਆਂ ਕੁੜੀਆਂ ਦੇ ਹੱਥਾਂ ਵਿੱਚ ਪਾਏ ਹੋਏ ਰੰਗਲੇ ਚੂੜੇ ਅਤੇ ਹੱਥਾਂ ਤੇ ਮਹਿੰਦੀ ਲਗਾਕੇ ਹਾਰ ਸ਼ਿੰਗਾਰ ਕਰਕੇ ਰਾਹ-ਖਿਹੜੇ ਆਪਣੇ ਹਾਣ ਦੀਆਂ ਸਹੇਲੀਆਂ ਨੂੰ ਗਲੇ ਮਿਲਦੀਆਂ ਸਨ,ਕਦੇ ਐਸ ਘਰੇ ਕਦੇ ਓਸ ਘਰੇ ਸਾਰਾ ਦਿਨ ਆਪਣੀਆਂ ਸਕੀਆਂ ਨੂੰ ਮਿਲਦੀਆਂ ਨਹੀ ਥੱਕਦੀਆਂ। ਸ਼ਾਮ ਨੂੰ ਢਲਦੇ ਸੂਰਜ ਦੀ ਲਾਲੀ ਦੇ ਨਾਲ ਹੀ ਜਦੋਂ ਇਹ ਕੁੜੀਆਂ ਗਿੱਠ ਗਿੱਠ ਲੰਮੀਆਂ ਧੋਣਾਂ ’ਚ ਸੋਨੇ ਦੀਆਂ ਗਾਨੀਆਂ ਸਿਰ ਰੰਗਲੇ ਦੁਪੱਟੇ ਲੈ ਕੇ ਝੁੰਡਾਂ ਦੇ ਰੂਪ ਵਿਚ ਪਿੰਡ ਦੀ ਖੁੱਲੀ ਜਗ੍ਹਾ ਵਿਚ ਪਿੱਪਲਾਂ-ਬੋਹੜਾਂ ਦੀਆਂ ਛਾਵਾਂ ਹੇਠ ਕੱਠੀਆਂ ਹੁੰਦੀਆਂ ਸਨ। ਟੋਲੀਆਂ ਬਣਾਕੇ ਜਦ ਇਹ ਬੋਲੀਆਂ ਪਾਉਦੀਆਂ ਹਨ ਤਾਂ ਅਸਮਾਨ ਗੂੰਜ ਉੱਠਦਾ ਸੀ।
‘ਗੱਡੀ ਜੋੜ ਕੇ ਲਿਆਈ ਵੀਰਾ ਮੇਰਿਆ,
ਸਾਉਣ ਦਾ ਮਹੀਨਾ ਆ ਗਿਆ ’।
ਹਰ ਪਾਸਿਓ ਗਿੱਧੇ ਦੀ ਅਵਾਜ਼ ਨਾਲ ਬੋਲੀਆਂ ਵਿਚ ਹਾਸਾ-ਮਜਾਕ, ਖੁਸ਼ੀਆਂ, ਗਮੀ, ਨੋਕ ਝੋਕ ਕਰਦਿਆਂ ਆਪਣੀਆਂ ਸੱਸਾਂ ਤੇ ਵਿਅੰਗ ਕਸਦੀਆਂ
‘ਤੈਨੂੰ ਤੀਆਂ ਤੇ ਲੈਣ ਨਾ ਆਏ,
ਬਹੁਤੇ ਨੀ ਭਰਾਵਾਂ ਵਾਲੀਏ’।
‘ ‘ਸੱਸੀਏ ਬੜੇਮੇ ਅੱਖੀਏ ਤੈਥੋਂ ਡਰਦੇ ਲੈਣ ਨਾ ਆਏ ’।
ਸੱਜ ਵਿਆਹੀਆਂ ਕੁੜੀਆਂ ਬੋਲੀਆਂ ਦੇ ਨਾਲ ਨਾਲ ਆਪਣੇ ਦਿਲਾਂ ਦੀਆਂ ਗੱਲਾਂ ਵੀ ਸਾਝੀਆਂ ਕਰਦੀਆਂ। ਕੁਆਰੀਆਂ ਕੁੜੀਆਂ ਵੀ ਸਾਉਣ ਮਹੀਨੇ ਵਿੱਚ ਪਿੱਪਲੀ ਪੀਘਾਂ ਪਾ ਕੇ ਆਸ਼ਮਾਨ ਨੂੰ ਛੂਹਦੀਆਂ ਅਤੇ ਭਾਬੀਆਂ ਨੂੰ ਇੱਕ ਬੋਲੀ ਨਾਲ ਪੀਂਘ ਝੂਟਣ ਦਾ ਸੱਦਾ ਦਿੰਦੀਆਂ।
‘ਆਜਾ ਭਾਬੀ ਝੂਟ ਲੈ,
ਪੀਂਘ ਹੁਲਾਰੇ ਲੈਦੀ’।
ਕੁਦਰਤ ਵੀ ਇਨ੍ਹਾਂ ਕੁੜੀਆਂ-ਚਿੜੀਆਂ ਦੇ ਹਾਸੇ ਮਜ਼ਾਕ ਤੇ ਮਿਹਰਬਾਨ ਹੁੰਦਿਆਂ ਅਸ਼ਮਾਨ ਵਿਚ ਕਾਲੀਆਂ ਘਟਾ ਦਾ ਰੂਪ ਧਾਰਨ ਕਰਕੇ ਛਮ-ਛਮ ਬਰਸਨ ਲੱਗ ਪੈਂਦੀ। ਛਾਏ ਹੋਏ ਘਣੇ ਬੱਦਲਾਂ ਦੀ ਕਿਣ-ਮਿਣ ਨਾਲ ਘਰਾਂ ਵਿਚ ਖੀਰ ਪੂੜੇ ਪੱਕਣੇ ਸ਼ੁਰੂ ਹੋ ਜਾਂਦੇ। ਤਕਰੀਬਨ ਤਿੰਨ ਦਹਾਕੇ ਪਹਿਲਾਂ ਇਹ ਰੋਚਕਤਾਂ ਭਰਪੂਰ ਮਾਹੌਲ ਘਰਾਂ ਵਿਚ ਆਮ ਹੀ ਨਜ਼ਰੀ ਪੈਂਦਾ ਸੀ। ਪਰ ਅੱਜ ਕੱਲ ਦੇ ਜ਼ਮਾਨੇ ਵਿਚ ਇਹ ਸਭ ਕੁਝ ਸਿਰਫ਼ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਣ ਲਈ ਕਿਤਾਬਾਂ ਤੱਕ ਸ਼ੀਮਤ ਹੀ ਰਹਿ ਗਿਆ ਹੈ। ਅਸਲ ਵਿਚ ਇਹ ਸਾਉਣ ਮਹੀਨੇ ਤੀਆਂ ਤੀਜ ਦੀਆਂ ਵਿਆਹੀਆਂ ਕੁੜੀਆਂ ਦੇ ਪੇਕੇ ਮਿਲਣ ਅਤੇ ਇਕੱਠੀਆਂ ਹੋ ਕੇ ਦੁੱਖ ਸੁੱਖ ਸਾਂਝੇ ਕਰਨ ਦਾ ਪ੍ਰਤੀਕ ਹੈ। ਪੁਰਾਤਨ ਰੀਤੀ ਰਿਵਾਜ ਮੁਤਾਬਕ ਸਹੁਰੇ ਵਾਪਸੀ ਸਮੇਂ ਨਵ-ਵਿਆਹੀਆਂ ਕੁੜੀਆਂ ਆਪਣੇ ਵੀਰ ਘਰੋਂ ਸਟੀਲ ਦਾ ਬਾਲਟੀ ਜਾਂ ਫਿਰ ਹੋਰ ਕੋਈ ਬਰਤਨ ਲੈ ਕੇ ਆਪਣੀ ਸੱਸ ਵਾਸਤੇ ਉਪਹਾਰ ਵਜੋਂ ਲੈ ਜਾਦੀਆਂ ਹਨ। ਇਹ ਤੀਆਂ ਦਾ ਤਿਉਹਾਰ ਹੁਣ ਕੁੜੀਆਂ ਨੂੰ ਪੇਕੇ ਘਰ ਆ ਕੇ ਆਪਸ ਵਿਚ ਮੇਲ-ਜੋਲ ਹੋਣ ਦਾ ਇੱਕ ਖਾਨਾਪੂਰਤੀ ਤਿਉਹਾਰ ਬਣਦਾ ਜਾ ਰਿਹਾ ਹੈ। ਇਸ ਤਿਉਹਾਰ ਦੇ ਨਾਲ ਨਾਲ ਇਕ ਵਹਿਮ ਨੇ ਵੀ ਜਨਮ ਲਿਆ ਕਿ ਵਿਆਹ ਦੇ ਪਿੱਛੋ ਆਉਣ ਵਾਲੇ ਪਹਿਲੇ ਸਾਉਣ ਵਿਚ ਨੂੰਹ ਨੇ ਸੱਸ ਦੇ ਮੱਥੇ ਨਹੀ ਲੱਗਣਾ ਹੁੰਦਾ। ਇਸ ਬਹਾਨੇ ਨਾਲ ਨਵ-ਵਿਆਹੀ ਕੁੜੀਆਂ ਆਪਣੇ ਬਾਬਲ ਘਰ ਵਿੱਚ ਇਕ ਮਹੀਨਾ ਰਹਿ ਆਉਦੀਆਂ ਹਨ। ਸਹੁਰੇ ਪਰਿਵਾਰ ਵਿਚ ਨਵਾਂ ਵਾਹ ਵਾਸਤਾ ਹੋਣ ਕਰਕੇ ਉਸ ਦਾ ਦਿਲ ਨਹੀ ਲੱਗਦਾ। ਉਹ ਪੇਕੇ ਪਿੰਡ ਆ ਕੇ ਸਖੀਆਂ ਨਾਲ ਤ੍ਰਿੰਝਣਾਂ ਵਿਚ ਗਿੱਧਾ, ਬੋਲੀਆਂ ਤੇ ਹਾਸਾ ਮਜ਼ਾਕ ਕਰਕੇ ਆਪਣਾ ਦਿਲ ਹੌਲਾ ਕਰ ਲੈਂਦੀਆਂ ਹਨ। ਹਰ ਇਕ ਔਰਤ ਨੂੰ ਆਪਣੇ ਪੇਕੇ ਪਿੰਡ ਵੀਰਾਂ ਨਾਲ ਬਿਤਾਏ ਬਚਪਨ ਦੇ ਦਿਨ ਕਦੇ ਵੀ ਨਹੀ ਭੁੱਲਦੇ। ਇਸ ਕਰਕੇ ਪੇਕੇ ਪਿੰਡ ਨਾਲ ਔਰਤ ਦਾ ਬਹੁਤ ਪਿਆਰ ਹੁੰਦਾ ਹੈ।
‘ਤਾਬੇ ਤਾਬੇ ਰੋਕੋ ਨੀ ਕੁੜੀਓ,
ਮੇਰਾ ਵੀਰ ਚੀਨ ਨੂੰ ਜਾਵੇ,
ੳਡਦਾ ਰੁਮਾਲ ਦਿਸਿਆ,
ਗੱਡੀ ਚੜਦਾ ਨਜ਼ਰ ਨਾ ਆਵੇ,
ਭੈਣ-ਭਰਾ ਦਾ ਰੱਬ ਨਾ ਵਿਛੋੜਾ ਪਾਵੇ’।
ਅੱਜਕੱਲ ਇਹ ਤਿੱਥ-ਤਿਉਹਾਰ ਅਲੋਪ ਹੁੰਦੇ ਜਾ ਰਹੇ ਹਨ। ਸਕੁਲਾਂ,ਕਾਲਜਾਂ ਵਿੱਚ ਵੀ ਤਿਉਹਾਰ ਇੱਕ ਪ੍ਰੋਗਰਾਮ ਤੇ ਕਿਸੇ ਮਹਿਮਾਨ ਨੂੰ ਬੁਲਾਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਸੂਝਵਾਨ ਨੌਜਵਾਨ ਵਰਗ ਨੂੰ ਉੱਦਮ ਕਰਨਾ ਚਾਹੀਦਾ ਹੈ ਕਿ ਸਾਉਣ ਮਹੀਨੇ ਪਿੰਡ ਦੀਆਂ ਕੁੜੀਆਂ ਵੱਲੋਂ ਕਿਸੇ ਸਾਂਝੇ ਥਾਂ ਤੇ ਇੱਕਠੀਆਂ ਹੋ ਲਾਈਆਂ ਜਾਂਦੀ ਰੋਣਕਾਂ ਰਾਹੀ ਪੰਜਾਬੀ ਵਿਰਸੇ ਦੇ ਅਲੋਪ ਹੁੰਦੇ ਜਾ ਰਹੇ ਇਸ ਸੱਭਿਆਚਾਰ ਨੂੰ ਮੁੜ ਫਿਰ ਸੁਰਜੀਤ ਕੀਤਾ ਜਾਵੇ।