ਕਿਸਾਨਾਂ ਦੀ ਬਿਹਤਰੀ ਲਈ ਮਾਰਕਫੈਡ ਤੇ ਗੁਜਰਾਤ ਰਾਜ ਖਾਦ ਤੇ ਰਸਾਇਣ ਮਿਲ ਕੇ ਕੰਮ ਕਰਨਗੇ : ਰੰਧਾਵਾ
ਵਡੋਦਰਾ/ਚੰਡੀਗੜ੍ਹ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਅੱਜ ਇਕ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਆਊਟਲੈਟ ਖੋਲ੍ਹਿਆ। ਵਡੋਦਰਾ ਸਥਿਤ ਗੁਜਰਾਤ ਰਾਜ ਖਾਦ ਨਿਗਮ (ਜੀ.ਐਸ.ਐਫ.ਸੀ.) ਦੇ ਕੈਂਪਸ ਵਿਖੇ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਕਰੀ ਕੇਂਦਰ ਦਾ ਰਸਮੀ ਉਦਘਾਟਨ ਕੀਤਾ। ਇਹ ਵਿਕਰੀ ਕੇਂਦਰ ਜੀ.ਐਫ.ਐਸ.ਸੀ. ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਮਾਰਕਫੈਡ ਵੱਲੋਂ ਘਰੇਲੂ ਵਰਤੋਂ ਲਈ ਤਿਆਰ ਕੀਤੇ ਜਾਂਦੇ 90 ਤੋਂ ਵੱਧ ਉਤਪਾਦ ਮਿਲ ਸਕਣਗੇ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿੱਚ ਇਸ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਵਡੋਦਰਾ ਰਹਿੰਦੇ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹਾਜ਼ਰ ਸੀ। ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਫੈਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੇ ਉਨ੍ਹਾਂ ਦੇ ਖਾਣ ਵਾਲੇ ਉਤਪਾਦਾਂ ਦੀ ਵਿਦੇਸ਼ਾਂ ਵਿੱਚ ਵਿਕਰੀ ਹੁੰਦੀ ਹੈ ਉਥੇ ਹੁਣ ਇਨ੍ਹਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੇਚਣ ਲਈ ਖਰੀਦ ਕੇਂਦਰ ਖੋਲ੍ਹਣ ਦੀ ਅੱਜ ਇਤਿਹਾਸਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਤੋਂ ਬਾਹਰ ਅੱਜ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਖੁੱਲ੍ਹਣ ਨਾਲ ਮਾਰਕਫੈਡ ਨੇ ਕੌਮੀ ਪੱਧਰ ’ਤੇ ਮੀਲ ਪੱਥਰ ਸਥਾਪਤ ਕੀਤਾ ਹੈ। ਤੁਰੰਤ ਖਾਣ ਵਾਲੇ (ਰੈਡੀ ਟੂ ਈਟ) ਉਤਪਾਦਾਂ ਦੀ ਮੰਗ ਦੇਸ਼ ਭਰ ਵਿੱਚ ਕਾਫੀ ਹੈ ਅਤੇ ਹੁਣ ਮਾਰਕਫੈਡ ਵੱਲੋਂ ਇਨ੍ਹਾਂ ਦੀ ਵਿਕਰੀ ਲਈ ‘ਆਊਟਲੈਟ’ ਖੋਲ੍ਹਣ ਦੀ ਕੀਤੀ ਸ਼ੁਰੂਆਤ ਨਾਲ ਸਹਿਕਾਰੀ ਖੇਤਰ ਦੇ ਅਦਾਰੇ ਮਾਰਕਫੈਡ ਨੂੰ ਹੁਣ ਹੋਰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵਡੋਦਰਾ ਵਿਖੇ 20 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਉਥੇ ਗੁਜਰਾਤੀ ਵੀ ਪੰਜਾਬੀ ਖਾਣਿਆਂ ਦਾ ਸਵਾਦ ਚਖ ਸਕਣਗੇ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ 90 ਉਤਪਾਦਾਂ ਵਿੱਚੋਂ ਸ਼ਹਿਦ, ਬਾਸਮਤੀ ਚੌਲ, ਸਾਗ, ਦਾਲ ਮੱਖਣੀ, ਕੜੀ ਪਕੌੜਾ, ਦਲੀਆ, ਅਚਾਰ, ਮੁਰੱਬੇ, ਕੈਚਅੱਪ, ਜੈਮ, ਸ਼ੱਕਰ ਆਦਿ ਲੋਕਾਂ ਵਿੱਚ ਬਹੁਤ ਪਾਪੂਲਰ ਹਨ।
ਸ. ਰੰਧਾਵਾ ਨੇ ਕਿਹਾ ਕਿ ਖਾਦਾਂ ਦੇ ਖੇਤਰ ਵਿੱਚ ਜੀ.ਐਸ.ਐਫ.ਸੀ. ਵੱਡਾ ਨਾਮ ਹੈ ਜਿਸ ਤੋਂ ਪੰਜਾਬ ਖਾਦਾਂ ਦੀ ਖਰੀਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਤੇ ਜੀ.ਐਸ.ਐਫ.ਸੀ. ਦੀ ਸਾਂਝ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਸਹਿਕਾਰਤਾ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਪੰਜਾਬ ਤੇ ਗੁਜਰਾਤ ਦੀਆਂ ਇਨ੍ਹਾਂ ਦੋਵੇਂ ਵੱਡੇ ਅਦਾਰਿਆਂ ਵੱਲੋਂ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਜਰਾਤ ਰਾਜ ਖਾਦ ਤੇ ਰਸਾਇਣ (ਜੀ.ਐਸ.ਐਫ.ਸੀ.) ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਹੁੰਚਾਈ ਜਾਂਦੀ ਐਨ.ਪੀ.ਕੇ. (ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼) ਨਾਲ ਡੀ.ਏ.ਪੀ. ਦੀ ਵਰਤੋਂ ਵੀ ਘਟੀ ਹੈ ਜਿਸ ਨਾਲ ਕਿਸਾਨੀ ਦਾ ਖਰਚਾ ਘਟਿਆ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਜਿੱਥੇ ਕਿਸਾਨੀ ਖਰਚਿਆਂ ਨੂੰ ਘਟਾਉਣਾ ਪਵੇਗਾ ਉਥੇ ਕਿਸਾਨੀ ਨਾਲ ਜੁੜੇ ਸਹਾਇਕ ਧੰਦਿਆਂ ਤੋਂ ਹੁੰਦੀ ਪੈਦਾਵਰ ਵਾਲੇ ਉਤਪਾਦਾਂ ਦੀ ਮਾਰਕਟਿੰਗ ਕਰਨੀ ਪਵੇਗੀ।