ਲਾਗੂਕਰਨ ਲਈ 67 ਕਰੋੜ ਜਾਰੀ, ਹਰੇਕ ਸਕੂਲਾਂ ਨੂੰ 50 ਹਜ਼ਾਰ ਦੀ ਵਿੱਦਿਅਕ ਮਦਦ
ਚੰਡੀਗੜ੍ਹ, 21 ਜੁਲਾਈ– ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਅੱਜ ਗੁਰੂਗ੍ਰਾਮ ਤੋਂ ਦੇਸ਼ ਭਰ ਵਿਚ ਸਟੂਡੇਂਟ ਪੁਲਿਸ ਕੈਡੇਟ (ਐਸ.ਪੀ.ਸੀ.) ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਗ੍ਰਾਮ ਸ਼ੁਰੂਆਤੀ ਪੜਾਅ ਵਿਚ ਦੇਸ਼ ਵਿਚ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ, ਜਿਸ ਲਈ ਹਰੇਕ ਸਕੂਲ ਨੂੰ 50,000 ਰੁਪਏ ਦੀ ਰਕਮ ਵਿਦਿਅਕ ਮਦਦ, ਸਿਖਲਾਈ ਅਤੇ ਅਚਨਚੇਤ ਖਰਚ ਲਈ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਇਹ ਪ੍ਰੋਗ੍ਰਾਮ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਪਾਇਲੇਟ ਆਧਾਰ ’ਤੇ ਚਲਾਇਆ ਜਾਵੇਗਾ। ਇਸ ਪ੍ਰੋਗ੍ਰਾਮ ਦੀ ਸ਼ੁਰੂਆਤ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੈਡੇਟਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਸ ਪ੍ਰੋਗ੍ਰਾਮ ਵਿਚ ਆਪਣੀ ਹਿੱਸੇਦਾਰੀ ਯਕੀਨੀ ਕਰਨ ਵਾਲੇ ਕੈਡਟਾਂ ਨੂੰ ਭਵਿੱਖ ਵਿਚ ਹਰਿਆਣਾ ਪੁਲਿਸ ਵਿਚ ਹੋਣ ਵਾਲੀ ਭਰਤੀ ਵਿਚ ਤਰਜੀਹ ਦਿੱਤੀ ਜਾਵੇਗੀ। ਸ੍ਰੀ ਰਾਜਨਾਥ ਸਿੰਘ ਅੱਜ ਗੁਰੂਗ੍ਰਾਮ ਵਿਚ ਐਸ.ਪੀ.ਸੀ. ਪ੍ਰੋਗ੍ਰਾਮ ਦੇ ਕੌਮੀ ਲਾਂਚ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਵਿਚ ਨੈਤਿਕ ਮੁੱਲ ਵਿਕਸਿਤ ਕਰਕੇ ਉਨ੍ਹਾਂ ਨੂੰ ਅਨੁਸ਼ਾਸਿਤ ਬਣਾਉਣ ’ਤੇ ਜੋਰ ਦਿੱਤਾ ਤਾਂ ਜੋ ਬੱਚੇ ਅੱਗੇ ਚਲ ਕੇ ਨਵੇਂ ਭਾਰਤ ਦੇ ਨਿਰਮਾਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਣ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦੇ ਸ਼ੁਰੂਆਤੀ ਪੜਾਅ ਤੋਂ ਬਾਅਦ ਇਸ ਪ੍ਰੋਗ੍ਰਾਮ ਨੂੰ ਦੇਸ਼ ਦੇ ਸਾਰੇ ਸਕੂਲਾਂ ਵਿਚ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਇਸ ਪ੍ਰੋਗ੍ਰਾਮ ਦੇ ਲਾਗੂਕਰਨ ਲਈ 67 ਕਰੋੜ ਰੁਪਏ ਦੀ ਰਕਮ ਸੂਬਿਆਂ ਨੂੰ ਜਾਰੀ ਕੀਤੀ ਗਈ ਹੈ। ਐਸ.ਪੀ.ਸੀ. ਪ੍ਰੋਗ੍ਰਾਮ ਰਾਹੀਂ ਸਮਾਜ ਦੇ ਹਰੇਕ ਵਿਅਕਤੀ ਵੱਲੋਂ ਕਾਨੂੰਨ ਦਾ ਪਾਲਣ ਆਪਣੀ ਇੱਛਾ ਨਾਲ ਕਰਨ ’ਤੇ ਜੋਰ ਦੇਣ ਦੇ ਨਾਲ-ਨਾਲ ਅਪਰਾਧਾਂ ਦੀ ਰੋਕਥਾਮ ਅਤੇ ਕੰਟ੍ਰੋਲ ਸਮੇਤ ਨੈਤਿਕ ਮੁੱਲਾਂ ’ਤੇ ਧਿਆਨ ਦਿੱਤਾ ਜਾਵੇਗਾ। ਸ੍ਰੀ ਰਾਜਨਾਥ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਾ ਮੰਤਵ ਸਕੂਲ ਜਾਣ ਵਾਲੇ ਵਿਦਿਆਰਥੀਆਂ ਵਿਚ ਨੈਤਿਕ ਮੁਲਾਂ ਦਾ ਸਮਾਵੇਸ਼ ਕਰਕੇ ਉਨ੍ਹਾਂ ਨੂੰ ਜਿੰਮੇਦਾਰ, ਅਨੁਸ਼ਾਸ਼ਿਤ, ਸੰਸਕਾਰ ਵਾਲਾ ਅਤੇ ਚਰਿਤਰ ਵਾਲਾ ਨਾਗਰਿਕ ਬਣਾਉਣਾ ਹੈ। ਨਾਲ ਹੀ ਇਸ ਨਾਲ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਤਾਲਮੇਲ ਦੀ ਸ਼ੁਰੂਆਤ ਹੋਵੇਗੀ ਤਾਂ ਜੋ ਸਮਾਜ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਨਾਗਰਿਕਾਂ ਦਾ ਸਹਿਯੋਗ ਲਿਆ ਜਾ ਸਕੇ।