April 22, 2026 5:03 pm

ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਸਦਕਾ ਸਨਅਤੀ ਨਿਵੇਸ਼ ਨੂੰ ਵੱਡਾ ਹੁਲਾਰਾ

ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪ੍ਰਾਜੈਕਟ ਪ੍ਰਸਤਾਵਾਂ ’ਚ 50 ਫੀਸਦੀ ਵਾਧਾ

ਚੰਡੀਗੜ੍ਹ, 20 ਜੁਲਾਈ- ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਦੇ ਉਦਯੋਗਿਕ ਨਿਵੇਸ਼ ਨੂੰ ਵੱਡਾ ਉਤਸ਼ਾਹ ਮਿਲਿਆ ਜਿਸ ਸਾਲ 2017-18 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਪ੍ਰਾਜੈਕਟ ਪ੍ਰਸਤਾਵਾਂ ਵਿੱਚ 50 ਫੀਸਦੀ ਜਦਕਿ ਅਸਲ ਨਿਵੇਸ਼ ਪੱਖੋਂ ਮਾਸਿਕ ਔਸਤਨ 125 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਲਾਗੂ ਕਰਕੇ ਸਿਰਜੇ ਸੁਖਾਵੇਂ ਸਨਅਤੀ ਮਾਹੌਲ ਸਦਕਾ ਇਹ ਵੱਡਾ ਵਾਧਾ ਸੰਭਵ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਬਿਊਰੋ ਆਫ ਇੰਡਸਰੀਅਲ ਪ੍ਰਮੋਸ਼ਨ (ਪੀ.ਬੀ.ਆਈ.ਪੀ.) ਨੇ ਇਕ ਅਪ੍ਰੈਲ, 2017 ਤੋਂ 30 ਜੂਨ, 2018 ਤੱਕ 8644 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਲਈ 161 ਪ੍ਰਾਜੈਕਟ ਤਜਵੀਜ਼ਾਂ ਪ੍ਰਾਪਤ ਕੀਤੀਆਂ ਹਨ। ਸਾਲ 2018-19 ਦੀ ਪਹਿਲੀ ਤਿਮਾਹੀ ਵਿੱਚ ਹੀ 3112 ਕਰੋੜ ਰੁਪਏ ਦੇ ਨਿਵੇਸ਼ ਵਾਲੇ 45 ਪ੍ਰਸਤਾਵ ਹਾਸਲ ਕੀਤੇ ਹਨ ਜੋ ਔਸਤਨ ਮਹੀਨੇ ਦੇ 15 ਪ੍ਰਸਤਾਵ ਅਤੇ 1037 ਕਰੋੜ ਦਾ ਨਿਵੇਸ਼ ਬਣਦਾ ਹੈ। ਇਸ ਦੇ ਮੁਕਾਬਲੇ ਸਾਲ 2017-18 ਲਈ 116 ਪ੍ਰਸਤਾਵ (10 ਔਸਤਨ ਮਹੀਨਾ) ਹਾਸਲ ਹੋਏ ਸਨ ਜੋ ਕੁੱਲ ਪ੍ਰਾਜੈਕਟਾਂ ਦਾ 5532 ਕਰੋੜ ਰੁਪਏ ਬਣਦਾ ਜੋ ਪ੍ਰਤੀ ਮਹੀਨਾ ਔਸਤਨ 461 ਕਰੋੜ ਰੁਪਏ ਸੀ। ਬੁਲਾਰੇ ਨੇ ਦੱਸਿਆ ਕਿ ਨਿਵੇਸ਼ ਲਈ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਵਿੱਚ ਤੇਜ਼ੀ ਲਿਆਉਣ ਅਤੇ ਜ਼ਮੀਨ ਤੇ ਸਥਾਨਕ ਦਫ਼ਤਰਾਂ ਆਦਿ ਨਾਲ ਸਬੰਧਤ ਮੁੱਦਿਆਂ ਦੇ ਫੌਰੀ ਹੱਲ ਨੂੰ ਯਕੀਨੀ ਬਣਾਉਣ ਕਰਕੇ ਇਨ੍ਹਾਂ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ ਹੈ। ਮੁੱਖ ਮੰਤਰੀ ਨੇ ਬਿਊਰੋ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਜਾਂ ਆਪਣਾ ਕਾਰੋਬਾਰ ਵਧਾਉਣ ਵਾਲੇ ਨਿਵੇਸ਼ਕਾਰਾਂ ਅਤੇ ਸਨਅਤਕਾਰਾਂ ਲਈ ਵਪਾਰ ਨੂੰ ਸੁਖਾਲਾ ਬਣਾਉਣ ਦੇ ਨਿਰਦੇਸ਼ ਦਿੱਤੇ। ਅਪ੍ਰੈਲ, 2017 ਤੋਂ ਲੈ ਕੇ ਮੈਨੂਫੈਕਚਰਿੰਗ ਸੈਕਟਰ ਤੋਂ ਸਭ ਤੋਂ ਵੱਧ 61 ਪ੍ਰਸਤਾਵਿਤ ਪ੍ਰਾਜੈਕਟ (2946 ਕਰੋੜ ਰੁਪਏ ਦੀ ਲਾਗਤ) ਹਾਸਲ ਹੋਏ। ਪੀ.ਬੀ.ਆਈ.ਪੀ. ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਪੱਧਰ ’ਤੇ ਸਭ ਤੋਂ ਵੱਧ ਪ੍ਰਾਜੈਕਟ ਤਜਵੀਜ਼ਾਂ ਮੁਹਾਲੀ ਵਿੱਚ ਹਾਸਲ ਹੋਈਆਂ ਹਨ ਇਸ ਤੋਂ ਬਅਦ ਲੁਧਿਆਣਾ ਦਾ ਸਥਾਨ ਹੈ। ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਸਨਅਤਕਾਰਾਂ ਲਈ ਬਾਕੀ ਸਿਖਰਲੇ ਜ਼ਿਲ੍ਹੇ ਹਨ।

Send this to a friend