ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ ਤੇ ਬੁਨਿਆਦੀ ਢਾਂਚੇ ’ਚ ਸੁਧਾਰ ਦੀ ਲੋੜ ’ਤੇ ਦਿੱਤਾ ਜ਼ੋਰ
ਚੰਡੀਗੜ੍ਹ, 20 ਜੁਲਾਈ- ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇੱਕ ਵਿਸਥਾਰਤ ਖ਼ਾਕਾ ਤਿਆਰ ਕੀਤਾ ਹੈ ਜਿਸ ਵਿੱਚ ਵਿਰਾਸਤ-ਏ-ਖਾਲਸਾ ਨੂੰ ਸੈਰ ਸਪਾਟੇ ਦੇ ਗੜ੍ਹ ਵਜੋਂ ਵਿਕਸਤ ਕਰਨ ਦੇ ਨਾਲ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਸ਼ਾਨਦਾਰ ਬੁਨਿਆਦੀ ਢਾਂਚੇ ਅਤੇ ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ ਨਾਲ ਲੈਸ ਕਰਨਾ ਇੱਕ ਅਹਿਮ ਪੱਖ ਹੈ। ਅਨੰਦਪੁਰ ਸਾਹਿਬ ਫਾਊਂਡੇਸ਼ਨ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਕਿਉਂਕਿ ਵਿਰਾਸਤ-ਏ-ਖਾਲਸਾ ਵਿਖੇ ਦੁਨੀਆਂ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ ਇਸ ਲਈ ਹੁਣ ਢੁਕਵਾਂ ਸਮਾਂ ਹੈ ਕਿ ਇੱਥੇ ਬਜਟ ਹੋਟਲ, ਫੂਡ ਕੋਰਟ, ਯਾਦ ਚਿੰਨ੍ਹਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਅਤੇ ਆਰਜ਼ੀ ਟੈਂਟਾਂ ਦੀਆਂ ਰਿਹਾਇਸ਼ਾਂ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਫਾਊਂਡੇਸ਼ਨ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਇਮਾਰਤਸਾਜ਼ਾਂ ਤੋਂ ਵਿਸਥਾਰਤ ਯੋਜਨਾ ਤਿਆਰ ਕਰਵਾ ਲਈ ਜਾਵੇ ਤਾਂ ਜੋ ਤਕਰੀਬਨ 60 ਏਕੜ ਦੀ ਬਾਕੀ ਬਚਦੀ ਥਾਂ ’ਤੇ ਇਹ ਸਹੂਲਤਾਂ ਵਿਕਸਤ ਕੀਤੀਆਂ ਜਾ ਸਕਣ। ਸ. ਸਿੱਧੂ ਨੇ ਇਸ ਸਬੰਧੀ ਵਿਸਥਾਰਤ ਪ੍ਰਜੈਂਟੇਸ਼ਨ ਬਣਾਉਣ ਦੀ ਜ਼ਿੰਮੇਵਾਰੀ ਫਾਊਂਡੇਸ਼ਨ ਨੂੰ ਸੌਂਪੀ ਤਾਂ ਜੋ ਇਸਦੇ ਮੁੱਢਲੇ ਡਿਜ਼ਾਈਨ ਅਤੇ ਢਾਂਚੇ ਨਾਲ ਛੇੜ-ਛਾੜ ਤੋਂ ਬਿਨਾਂ ਇਸ ਸ਼ਾਨਾਮੱਤੇ ਪ੍ਰਾਜੈਕਟ ਨੂੰ ਹੋਰ ਵਿਕਸਤ ਕਰਨ ਦਾ ਕੰਮ ਜਾਰੀ ਰੱਖਿਆ ਜਾ ਸਕੇ। ਉਨ੍ਹਾ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਸੂਬੇ ਦੀਆਂ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ਦੇ ਵਿਕਾਸ ਲਈ ਪਹਿਲਾਂ ਹੀ 99 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੋਈ ਹੈ ਜਿਸ ਵਿੱਚੋਂ 29 ਕਰੋੜ ਰੁਪਏ ਦੀ ਰਕਮ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ’ਤੇ ਖ਼ਰਚਾ ਜਾਵੇਗੀ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਨੈਣਾ ਦੇਵੀ ਨਾਲ ਰੋਪ ਵੇਅ ਰਾਹੀਂ ਜੋੜਨ ਦੀ ਤਜਵੀਜ਼ ਦਾ ਸਮਰਥਨ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਹ ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਆਪਣੇ ਹਮਰੁਤਬਾ ਨਾਲ ਗੱਲ ਕਰਨਗੇ ਤਾਂ ਜੋ ਇਸ ਪ੍ਰਾਜੈਕਟ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਇਸ ਖੇਤਰ ਦੀ ਸੈਰ ਸਪਾਟੇ ਪੱਖੋਂ ਸਮਰੱਥਾ ਦਾ ਹੋਰ ਭਰਪੂਰ ਇਸਤੇਮਾਲ ਹੋ ਸਕੇ। ਇਸ ਮੌਕੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਵਧੀਕ ਮੁੱਖ ਸਕੱਤਰ ਮਾਲ ਸ੍ਰੀਮਤੀ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਭਿਨਵ ਤ੍ਰਿਖਾ ਵੀ ਹਾਜ਼ਰ ਸਨ।