April 20, 2026 9:33 pm

ਮਾਲਵੇ ’ਚ ਅੱਜ ਵੀ ਚਾਵਾਂ ਨਾਲ ਵਿਆਹੀਆਂ ਕੁੜੀਆਂ ਲਈ ਭੇਜਿਆ ਜਾਂਦੈ ਸੰਧਾਰਾ

ਸਾਡੇ ਪੰਜਾਬੀ ਸਭਿਆਚਾਰ ਵਿਚ ਸਾਉੁਣ ਮਹੀਨੇ ਦੀ ਮੁਢ ਕਦੀਮ ਤੋਂ ਹੀ ਬੜੀ ਮਹਤਤਾ ਰਹੀ ਹੈ। ਸਾਲ ਦਾ ਇਹ ਖੂਬਸੂਰਤ ਮਹੀਨਾ ਤਿਉਹਾਰਾਂ ਦੇ ਮਹੀਨੇ ਵਜੋਂ ਜਾਣਿਆਂ ਜਾਂਦਾ ਹੈ। ਇਥੇ ਕਦੇ ਉਹ ਸਮਾਂ ਵੀ ਹੁੰਦਾ ਸੀ,ਜਦੋਂ ਇਸ ਮਹੀਨੇ ਕੁੜੀਆਂ ਦੀਆਂ ਜੋੜ ਤੀਆਂ ਖੂਬ ਭਰਿਆ ਕਰਦੀਆਂ ਸਨ। ਇਸ ਮਹੀਨੇ ਪੰਜਾਬ ਦੇ ਲੋਕ ਆਪਣੀਆਂ ਵਿਆਹੀਆਂ ਹੋਈਆਂ ਧੀਆਂ ਲਈ ਬੜੇ ਹੀ ਚਾਵਾਂ ‘ਤੇ ਮਲਾਰਾਂ ਨਾਲ ਉਸ ਦੇ ਸਹੁਰੇ ਘਰ ਸੰਧਾਰਾ ਲੈਕੇ ਜਾਇਆ ਕਰਦੇ ਸਨ। ਪਹਿਲੇ ਸਮਿਆਂ ‘ਚ ਸੰਧਾਰੇ ਵਿਚ ਘਰ ਬਣਾਈਆਂ ਮਿਠੀਆਂ ਮਠੀਆਂ, ਗੁਲਗਲੇ ਤੇ ਹੋਰ ਪਕਵਾਨ ਹੋਇਆ ਕਰਦੇ ਸਨ।
ਸੰਧਾਰਾ ਵਿਆਹੀ ਕੁੜੀ ਲਈ ਪੇਕੇ ਘਰੋਂ ਮਿਲਣ ਵਾਲੇ ਅਧਾਹ ਪਿਆਰ ‘ਤੇ ਵਿਸ਼ਵਾਸ਼ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਭੈਣ ਆਪਣੇ ਵੀਰ ਵਲੋਂ ਲਿਆਂਦੇ ਸੰਧਾਰੇ ਨੂੰ ਕਿਸੇ ਨਿਆਮਤ ਤੋਂ ਘਟ ਨਹੀਂ ਸਮਝਦੀ। ਪਰ ਅਜ ਦੇ ਇਸ ਪਦਾਰਥਵਾਦੀ ਯੁਗ ਵਿਚ ਇਹ ਤਿਉਹਾਰ ਪੰਜਾਬ ਚੋਂ ਲਗਭਗ ਅਲੋਪ ਹੀ ਹੁੰਦਾ ਜਾ ਰਿਹਾ ਹੈ। ਰਬ ਦਾ ਸ਼ੁਕਰ ਹੈ ਕਿ ਮਾਲਵੇ ਖਿਤੇ ਦੇ ਪਿੰਡਾਂ ਵਿਚ ਹਾਲੇ ਵੀ ਕੁੜੀਆਂ ਨੂੰ ਸੰਧਾਰਾ ਦੇਣ ਦਾ ਰਿਵਾਜ ਸ਼ਿਦਤ ਨਾਲ ਜਾਰੀ ਹੈ। ਸਮੇਂ ਦੇ ਨਾਲ ਇਨਾਂ ਕੁ ਬਦਲਾਅ ਜਰੂਰ ਆਇਆ ਹੈ ਕਿ ਮਿਠੇ ਗੁਲਗਲੇ ‘ਤੇ ਮਠੀਆਂ ਆਦਿ ਦੀ ਥਾਂ ਹੁਣ ਘਰੇਲੂ ਸ਼ੁਧ ਰਾਸ਼ਨ (ਆਟਾ, ਖੰਡ,ਦੁਧ, ਸੌਂਫ,ਖੋਪਾ ’ਤੇ ਦੇਸੀ ਘਿਓ ਆਦਿ) ਤੋਂ ਬਣਵਾਏ ਬਿਸਕੁਟ ਸੰਧਾਰੇ ਦੇ ਰੂਪ ‘ਚ ਦਿਤੇ ਜਾਂਦੇ ਹਨ। ਜੋ ਕਿ ਪਿੰਡਾਂ ‘ਚ ਇਸ ਮਹੀਨੇ ਖਾਸ ਤੌਰ ‘ਤੇ ਲਗਾਏ ਗਏ ਭਠਾਂ ਤੋਂ ਤਿਆਰ ਕਰਵਾਏ ਜਾਂਦੇ ਹਨ। ਸਾਉਣ ਦੇ ਮਹੀਨੇ ‘ਚ ਇਹਨਾ ਭਠਾਂ ਉਪਰ ਬਿਸਕੁਟ ਬਣਵਾਉਣ ਵਾਲੇ ਲੋਕਾਂ ਦੀਆਂ ਭਾਰੀ ਰੌਣਕਾਂ ਲਗ ਜਾਂਦੀਆਂ ਹਨ ਅਤੇ ਲੋਕ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਚਾਵਾਂ ਨਾਲ ਤਪਦੇ ਭਠਾਂ ਕੋਲ ਬੈਠ ਕੇ ਆਪੋ ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹ ਨਜਾਰਾ ਪੰਜਾਬੀ ਸਭਿਆਚਾਰ ਦੀ ਇਕ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ। ਖੈਰ! ਕੁੜੀਆਂ ਨੂੰ ਮਾਪਿਆਂ ਵਲੋਂ ਆਏ ਇਹ ਬਿਸਕੁਟ ਬਜਾਰੂ ਮਹਿੰਗੀਆਂ ਅਤੇ ਮਿਲਾਵਟੀ ਮਠਿਆਈਆਂ ਤੋਂ ਕਿਤੇ ਜਿਆਦਾ ਸੁਆਦੀ ਲਗਦੇ ਹਨ। ਸੰਧਾਰਾ ਦੇਣ ਦਾ ਰਿਵਾਜ਼ ਜਿਥੇ ਭੈਣ-ਭਰਾ ਦੇ ਰਿਸ਼ਤੇ ‘ਚ ਮੋਹ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਹੈ, ਉਥੇ ਬਿਸਕੁਟ ਬਣਾਉਣ ਵਾਲੇ ਗਰੀਬ ਕਾਰੀਗਰਾਂ ਦੀ ਕਮਾਈ ਦਾ ਸਬਬ ਵੀ ਬਣਦਾ ਹੈ। ਇਸ ਸਬੰਧੀ ਗਲਬਾਤ ਕਰਦਿਆਂ ਸਾਹਿਤਕਾਰ ਹਰਵਿੰਦਰ ਬਿਲਾਸਪੁਰ, ਡਾ. ਅਮਨਦੀਪ ਸਿੰਘ ਟਲੇਵਾਲੀਆ,ਡਾ. ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ, ਪਰਦੀਪ ਸਿੰਘ ਖਾਈ ‘ਤੇ ਦਰਸ਼ਨ ਬਾਈ ਪਤੋ ਆਦਿ ਨੇ ਸਾਂਝੇ ਰੂਪ ਚ ਕਿਹਾ ਕਿ ਅਜ ਦੇ ਮੋਹ ਮੁਹਬਤ ਵਿਹੁਣੇ ਸਮੇਂ ‘ਚ ਤਾਂ ਜਦੋਂ ਕਿ ਕੁੜੀਆਂ ਨੂੰ ਕੁਖਾਂ ‘ਚ ਕਤਲ ਕਰਵਾਏ ਜਾਣ ਦਾ ਮੰਦਭਾਗਾ ਦੌਰ ਲਗਾਤਾਰ ਜਾਰੀ ਹੈ ਅਤੇ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਦਿਨ-ਬ-ਦਿਨ ਘਟ ਰਹੀ ਹੈ, ਸੰਧਾਰੇ ਜਿਹੀਆਂ ਰਸਮਾਂ ਦਾ ਮਹਤਵ ਹੋਰ ਵੀ ਵਧ ਜਾਂਦਾ ਹੈ।
ਜਦੋਂ ਕੋਈ ਵੀਰ ਸੰਧਾਰਾ ਲੈ ਕੇ ਆਪਣੀ ਭੈਣ ਦੇ ਘਰ ਦੀ ਸਰਦਲ ਤੇ ਦਸਤਕ ਦਿੰਦਾ ਹੈ ਤਾਂ ਭੈਣ, ਭਰਾ ਦੇ ਪਿਆਰ ਦੀ ਖੁਸ਼ੀ ‘ਚ ਖੀਵੀ ਹੋਈ ਫੁਲੀ ਨਹੀਂ ਸਮਾਉਂਦੀ। ਆਪਣੇ ਵੀਰ ਨੂੰ ਦੇਖ ਕੇ ਉਹ ਆਪ ਮੁਹਾਰੇ ਹੀ ਗਾ ਉਠਦੀ ਹੈ…..
ਮੇਰੀ ਅੰਮੜੀ ਦਾ ਜਾਇਆ ਨੀਂ
ਵੀਰ ਸੰਧਾਰਾ ਲੈ ਕੇ ਆਇਆ ਨੀਂ…
ਅਜ ਦੇ ਇਸ ਤੇਜਤਰਾਰ ਤੇ ਅਤਿ ਆਧੁਨਿਕ ਯੁਗ ਵਿਚ ਵੀ ਪੁਰਾਣੇ ਸਮਿਆਂ ਵਾਂਗ ਭੈਣਾ ਦਾ ਵੀਰਾਂ ਨੂੰ ਉਡੀਕਣਾ ਅਤੇ ਭਰਾਵਾਂ ਵਲੋਂ ਭੈਣਾ ਲਈ ਸੰਧਾਰਾ ਲੈਕੇ ਜਾਣ ਦਾ ਚਾਅ ਜਾਰੀ ਰਹਿਣਾ ਅਜ ਦੇ ਸਮੇਂ ਚ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ। ਰਬ ਕਰੇ, ਇਹ ਰੀਤੀ ਰਿਵਾਜ਼ ਰਹਿੰਦੀ ਦੁਨੀਆਂ ਤਕ ਚਲਦੇ ਰਹਿਣ, ਮੋਹ ਮੁਹਬਤ ਤੇ ਮੇਲ ਮਿਲਾਪ ਦਾ ਸੁਨੇਹਾਂ ਦਿੰਦੇ ਰਹਿਣ।

– ਯਸ਼ ਪਤੋ
ਪਿੰਡ ਪਤੋ ਹੀਰਾ ਸਿੰਘ (ਮੋਗਾ)
ਸੰਪਰਕ : 94638-93838

Send this to a friend