ਮਾਨਸਾ, 19 ਜੁਲਾਈ (ਨਛੱਤਰ ਸਿੰਘ ਕਾਹਨਗੜ੍ਹ) ਜਰਮਨੀ ਵਿਖੇ ਹੋਏ ਜੂਨੀਅਰ ਸ਼ੂਟਿੰਗ ਵਰਲਡ ਕੱਪ ਅਤੇ ਚੈਕ ਰਿਪਬਲਿਕ ’ਚ ਹੋਏ 28 ਵੇਂ ਮੀਟਿੰਗ ਆਫ਼ ਸ਼ੂਟਿੰਗ ਹੋਪ ਮੁਕਾਬਲਿਆਂ ਵਿਚ 13 ਮੈਡਲ ਜਿੱਤਣ ਵਾਲੇ ਜੁੜਵਾ ਸ਼ੂਟਰਾਂ ਦਾ ਅੱਜ ਸ਼ਹਿਰ ਵਾਸੀਆਂ ਵੱਲੋਂ ਜਿੱਥੇ ਜੋਰਦਾਰ ਸਵਾਗਤ ਕੀਤਾ ਗਿਆ, ਉਥੇ ਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਪ੍ਰੇਰਨਾਸਰੋਤ ਐਲਾਨਿਆ ਗਿਆ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਭਰਾਵਾਂ ਨਾਲ ਇਕ ਖਾਸ ਮੁਲਾਕਾਤ ਆਪਣੇ ਦਫ਼ਤਰ ਵਿਖੇ ਕੀਤੀ ਅਤੇ ਉਮੀਦ ਕੀਤੀ ਕਿ ਇਹ ਖਿਡਾਰੀ ਬਹੁਤ ਜਲਦ ਮਾਨਸਾ ਅਤੇ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਚਮਕਦੇ ਸਿਤਾਰੇ ਬਣ ਕੇ ਉਭਰਨਗੇ। ਗੱਲਬਾਤ ਦੌਰਾਨ ਇਨ੍ਹਾਂ ਖਿਡਾਰੀਆਂ, ਉਦੈਵੀਰ ਸਿੱਧੂ ਅਤੇ ਵਿਜੈ ਵੀਰ ਸਿੱਧੂ ਨੇ ਦੱਸਿਆ ਕਿ ਅੱਗੇ ਹੋਣ ਵਾਲੇ ਮੁਕਾਬਲਿਆਂ ਲਈ ਉਹ ਸਖ਼ਤ ਮਿਹਨਤ ਕਰਕੇ ਤਿਆਰ ਬਰ ਤਿਆਰ ਹਨ। ਬੱਚਤ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਦੀ ਨੁੰਮਾਇੰਦਗੀ ਕਰਦਿਆਂ ਸਹਾਇਕ ਕਮਿਸ਼ਨਰ ਸ੍ਰੀ ਓਮ ਪ੍ਰਕਾਸ਼ ਨੇ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸ਼ਾ ਕੀਤੀ।ਜੂਨ ਮਹੀਨੇ ਵਿਚ ਜਰਮਨੀ ਵਿਖੇ ਹੋਏ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਵਿਚ ਇਨ੍ਹਾਂ ਜੁੜਵੇ ਭਰਾਵਾਂ ਨੇ ਚਾਰ ਗੋਲਡ, ਇਕ ਸਿਲਵਰ ਅਤੇ ਦੋ ਕਾਂਸੇ ਦੇ ਤਗਮੇ ਜਿੱਤਣ ਤੋਂ ਬਾਅਦ ਚੈਕ ਰਿਪਬਲਿਕ ਵਿਚ ਹੋਏ ਮੀਟਿੰਗ ਆਫ਼ ਸ਼ੂਟਿੰਗ ਹੋਪ ਮੁਕਾਬਲਿਆਂ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਦੋ, ਚਾਂਦੀ ਦੇ ਦੋ ਅਤੇ ਕਾਂਸੇ ਦੇ ਦੋ ਤਮਗੇ ਹਾਸਲ ਕੀਤੇ। ਇਨ੍ਹਾਂ ਸ਼ੂਟਰ ਭਰਾਵਾਂ ਦਾ ਅੱਜ ਉਨ੍ਹਾਂ ਦੇ ਜੱਦੀ ਸ਼ਹਿਰ ਪੁੱਜਣ ਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸ਼ਹਿਰ ਵਾਸੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਾਨਦਾਰ ਸਵਾਗਤ ਕੀਤਾ।