ਰਾਮਪੁਰਾ ਫੂਲ 19 ਜੁਲਾਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਗੁਰਸੇਵਕ ਕਿਸਾਨ ਖੁਦਕੁਸ਼ੀ ਮਾਮਲੇ ’ਚ ਦੁਬਾਰਾ ਸ਼ੁਰੂ ਕੀਤਾ ਸੰਘਰਸ਼ ਸ਼ੁਰੂਆਤ ਹੀ ਟਕਰਾਓ ਵਿੱਚ ਬਦਲ ਗਿਆ। ਸਾਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋ ਉਗਰਾਹਾ ਗਰੁੱਪ ਦੇ ਆਗੂ ਜੋਗਿੰਦਰ ਸਿੰਘ ਉਗਰਾਹਾ,ਸੁਖਦੇਵ ਸਿੰਘ ਮਾਨ,ਝੰਡਾ ਸਿੰਘ ਜੇਠੂਕੇ ਦੀ ਅਗਵਾਈ ਵਿੱਚ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਲਾਉਣ ਜਾ ਰਹੇ ਸਨ ਤਾਂ ਸ਼ਹਿਰ ਦੇ ਕਾਂਗਰਸੀ ਆਗੂ ਅਤੇ ਆੜ੍ਹਤੀਏ ਸ਼ੁਰੇਸ਼ ਬਾਹੀਏ ਨਾਲ ਉਹਨਾਂ ਦੀ ਕਹੀ-ਸੁਣੀ ਹੋ ਗਈ। ਸ਼ੁਰੇਸ਼ ਬਾਹੀਏ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਸ ਦੇ ਦਫਤਰ ਅੱਗੇ ਖੜ੍ਹੇ ਉਸ ਦੇ ਟਰੱਕ ਦਾ ਜਿੰਦਾ ਤੋੜ ਕੇ ਟਰੱਕ ਦੂਰ ਖੜ੍ਹਾ ਕਰ ਦਿੱਤਾ। ਕਿਸਾਨਾਂ ਦੇ ਇਸ ਧੱਕੇ ਤੋਂ ਬਾਅਦ ਆੜ੍ਹਤੀਏ ਰੋਹ ਵਿੱਚ ਆ ਗਏ ਅਤੇ ਉਹਨਾਂ ਕਿਸਾਨਾਂ ਵਿਰੁੱਧ ਨਾਅਰੇਬਾਜ਼ੀ ਕਰ ਦਿੱਤੀ। ਪੁਲਸ ਦੀ ਮੌਜੂਦਗੀ ਵਿੱਚ ਕਿਸਾਨਾਂ ਅਤੇ ਆੜ੍ਹਤੀਆ ਵਿਚਕਾਰ ਧੱਕਾ ਮੁੱਕੀ ਹੋਈ।ਪੁੱਰੇ ਮਾਮਲੇ ਦੌਰਾਨ ਪੁਲਸ ਮੁਕ ਦਰਸ਼ਕ ਬਣੀ ਤਮਾਸ਼ਾ ਦੇਖਦੀ ਰਹੀ।ਦੇਖਦੇ ਹੀ ਦੇਖਦੇ ਆੜ੍ਹਤੀਆ ਨੇ ਪਟਿਆਲਾ ਮੰਡੀ ਦਾ ਬਾਜ਼ਾਰ ਬੰਦ ਕਰਵਾਉਣਾ ਸ਼ੁਰੂ ਕਰ ਦਿਤਾ ਪਰ ਜਿਆਦਾਤਰ ਬਾਜ਼ਾਰ ਖੁੱਲੇ ਰਹੇ।ਇਸ ਦੌਰਾਨ ਡੀ.ਐਸ.ਪੀ ਗੁਰਪ੍ਰੀਤ ਸਿੰਘ ਦੇ ਦਖਲ ਤੋਂ ਬਾਅਦ ਕਿਸਾਨਾਂ ਅਤੇ ਆੜ੍ਹਤੀਏ ਵਿਚਕਾਰ ਟਲਦਾ ਟਲਦਾ ਟੱਲ ਗਿਆ।ਉਧਰ ਦੂਸਰੇ ਪਾਸੇ ਕਿਸਾਨਾ ਨੇ ਦੋਸ਼ ਲਾਇਆ ਕਿ ਪੁਲਸ ਨੇ ਭਾਵੇਂ ਗੁਰਸੇਵਕ ਖੁਦਕੁਸ਼ੀ ਮਾਮਲੇ ਚ ਮੁੱਖ ਤਿੰਨ ਦੋਸ਼ੀ ਡਾਕਟਰ ਅਮਰਜੀਤ ਸ਼ਰਮਾ, ਦਰਸ਼ਨ ਮੰਡੀਕਲਾਂ ਤੇ ਰਿਸ਼ੂ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਚੁੱਕੀ। ਪਰ ਉਕਤ ਦੋਸੀ ਨੂੰ ਇਨਕੁਆਰੀ ਦੇ ਬਹਾਨੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਕਿਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰਨਗੇ।ਉਹਨਾ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਤਿੰਨ ਦੋਸ਼ੀਆਂ ਨੂੰ ਮਾਮਲੇ ਤੋਂ ਪਾਸੇ ਕੀਤਾ ਤਾਂ ਆਉਣ ਵਾਲੇ ਦਿਨਾਂ ਚ ਧਰਨਾ ਤੇਜ਼ ਕੀਤਾ ਜਾਵੇਗਾ।ਇੱਥੇ ਜ਼ਿਕਰਯੋਗ ਹੈ ਕਿ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਨੇ ਆਪਣੀ ਜਮੀਨ ਵੇਚੀ ਸੀ ਜਿਸ ਨਾਲ ਅਮਰਜੀਤ ਸ਼ਰਮਾ ਨੇ ਲੱਖਾ ਰੁਪਏ ਦਾ ਧੋਖਾ ਕੀਤਾ ਸੀ। ਜਿਸ ਦੇ ਚੱਲਦੇ ਉਸਨੇ ਖੁਦਕੁਸ਼ੀ ਕਰ ਲਈ ਸੀ।