ਪੰਜਾਬ ਵਿੱਚ ਹਾਦਸਿਆਂ ਦੀ ਦਰ ਰਾਸ਼ਟਰੀ ਦਰ ਨਾਲੋਂ ਘੱਟ

ਪੰਜਾਬ ਸਰਕਾਰ ਵੱਲੋਂ ਫੈਕਟਰੀਆਂ ਵਿੱਚ ਹਾਦਸੇ ਰੋਕਣ ਲਈ ਆਨ-ਸਾਈਟ ਹੰਗਾਮੀ ਯੋਜਨਾ ਪ੍ਰਵਾਨ : ਚੂਨੀ ਲਾਲ ਭਗਤ

image ਚੰਡੀਗੜ੍ਹ, 4 ਮਾਰਚ (ਪੀ.ਟੀ.)-ਪੰਜਾਬ ਉੱਤਰੀ ਭਾਰਤ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿਸ ਨੇ ਜ਼ਿਆਦਾ ਹਾਦਸੇ ਵਾਪਰਨ ਵਾਲੀਆਂ 64 ਫੈਕਟਰੀਆਂ ਲਈ ਆਨ-ਸਾਈਟ ਹੰਗਾਮੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦਾ ਮਕਸਦ ਫੈਕਟਰੀਆਂ ਨੂੰ ਹਾਦਸਿਆਂ ਤੋਂ ਮੁਕਤ ਕਰਨਾ ਹੈ ਤਾਂ ਕਿ ਅੰਤਰਰਾਸ਼ਟਰੀ ਸੁਰੱਖਿਆ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ।  ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਕਿਰਤ ਤੇ ਜੰਗਲਾਤ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਕੀਤਾ। ਉਹ ਇਥੇ 43ਵੇਂ ਰਾਸ਼ਟਰੀ ਸੁਰੱਖਿਆ ਦਿਵਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਫੈਕਟਰੀ ਪ੍ਰਬੰਧਕਾਂ ਅਤੇ ਕਿਰਤੀਆਂ ਨੂੰ ‘ਪੰਜਾਬ ਕਿਰਤੀ ਸ਼੍ਰੋਮਣੀ ਐਵਾਰਡ’ ਅਤੇ ‘ਪੰਜਾਬ ਕਿਰਤੀ ਵੀਰ ਐਵਾਰਡ’ ਨਾਲ ਸਨਮਾਨ ਕੀਤਾ। ਸ੍ਰੀ ਭਗਤ ਨੇ ਕਿਹਾ

ਕਿ ਫੈਕਟਰੀ ਪ੍ਰਬੰਧਕਾਂ ਅਤੇ ਕਿਰਤੀਆਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਡਿਜਾਸਟਰ ਮੈਨੇਜਮੈਂਟ ਇੰਸਟੀਚਿਊਨ, ਭੁਪਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਰਾਜ ਦੇ ਛੇ ਜ਼ਿਲ੍ਹਿਆਂ ਦੇ ਜ਼ਿਆਦਾ ਹਾਦਸਿਆਂ ਵਾਲੇ ਯੂਨਿਟਾਂ ਨੂੰ ਇਸ ਸੰਸਥਾ ਤੋਂ ਆਫ-ਸਾਈਟ ਹੰਗਾਮੀ ਯੋਜਨਾ ਤਹਿਤ ਸਿਖਲਾਈ ਦਿੱਤੀ ਗਈ ਹੈ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪੰਜਾਬ ਦੇ ਕਿਰਤ ਤੇ ਜੰਗਲਾਤ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਕਿਹਾ ਕਿ ਕਿਰਤ ਵਿਭਾਗ ਰਾਜ ਦੀਆਂ ਫੈਕਟਰੀਆਂ ਨੂੰ 98.9 ਫੀਸਦੀ ਹਾਦਸਿਆਂ ਤੋਂ ਮੁਕਤ ਰੱਖਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਨੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਅਤੇ ਫੈਕਟਰੀ ਪ੍ਰਬੰਧਕਾਂ ਦੀ ਹਾਦਸਾ ਦਰ ਘਟਾਉਣ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮਕਸਦ ਰਾਜ ਵਿੱਚ ਹਾਦਸਿਆਂ ਦੀ ਦਰ ਜ਼ੀਰੋ ਫੀਸਦੀ ਕਰਨਾ ਹੈ।
ਇਸ ਮੌਕੇ ’ਤੇ ਵਧੀਆ ਸੁਰੱਖਿਆ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਅਤੇ ਕਾਮਿਆਂ ਦਾ ਰਾਜ ਪੱਧਰੀ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ 29 ਪ੍ਰਬੰਧਕਾਂ ਨੂੰ ਆਪਣੀਆਂ ਫੈਕਟਰੀਆਂ ਵਿੱਚ ਹਾਦਸਿਆਂ ਦੀ ਦਰ ਜ਼ੀਰੋ ਫੀਸਦੀ ਕਰਨ ’ਤੇ ਪੰਜਾਬ ਕਿਰਤੀ ਸ਼੍ਰੋਮਣੀ ਐਵਾਰਡ ਅਤੇ ਪੰਜਾਬ ਕਿਰਤੀ ਵੀਰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸੁਰੱਖਿਆ ਸਬੰਧੀ ਬਹੁਪੱਖੀ ਸੁਝਾਅ ਦੇਣ ਬਦਲੇ ਅੱਠ ਕਿਰਤੀਆਂ ਨੂੰ ਕਿਰਤ ਸ਼੍ਰੋਮਣੀ ਅਤੇ ਛੇ ਕਿਰਤੀਆਂ ਨੂੰ ਪੰਜਾਬ ਕਿਰਤ ਵੀਰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
ਕਿਰਤ ਕਮਿਸ਼ਨਰ ਕਮ ਡਾਇਰੈਕਟਰ ਫੈਕਟਰੀਜ਼, ਪੰਜਾਬ ਸ੍ਰੀ ਹਰਭੁਪਿੰਦਰ ਸਿੰਘ ਨੰਦਾ ਨੇ ਕਿਹਾ ਕਿ ਪੰਜਾਬ ਵਿੱਚ ਹਾਦਸਿਆਂ ਦੀ ਦਰ ਹਜ਼ਾਰ ਵਿਅਕਤੀਆਂ ਪਿੱਛੇ ਇਕ ਹੈ ਜਦੋਂ ਕਿ ਰਾਸ਼ਟਰੀ ਦਰ ਹਜ਼ਾਰ ਵਿਅਕਤੀਆਂ ਪਿੱਛੇ ਨੌਂ ਹੈ। ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਸ਼ਵਾਜੀਤ ਖੰਨਾ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਫੈਕਟਰੀ ਪ੍ਰਬੰਧਕਾਂ ਅਤੇ ਕਾਮਿਆਂ ਨੇ ਫੈਕਟਰੀਆਂ ਵਿੱਚ ਹਾਦਸਿਆਂ ਤੋਂ ਰਹਿਤ ਮਾਹੌਲ ਪੈਦਾ ਕਰਨ ਲਈ ਸੰਹੁ ਵੀ ਚੁੱਕੀ।

Send this to a friend