Skip to content
Independent perspectives. Global stories.
BREAKING

ਦੇਹਧਾਰੀਆਂ ਅਤੇ ਡੇਰਾਦਾਰਾਂ ਤੋਂ ਸਿੱਖ ਸੰਗਤਾਂ ਦੂਰ ਰਹਿਣ ਗਿਆਨੀ ਗੁਰਬਚਨ ਸਿੰਘ

Share this story

ਕਾਲਾਂਵਾਲੀ, 16 ਜੁਲਾਈ (ਜਗਤਾਰ ਸਿੰਘ)- ਨੇੜਲੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸਲਾਨਾ ਜੋੜ ਮੇਲੇ ਵਿੱਚ ਹਾਜ਼ਿਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਦੇਹਧਾਰੀਆਂ ਅਤੇ ਡੇਰੇਦਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਦੇਹਧਾਰੀ ਪ੍ਰਥਾ ਨੂੰ ਖਤਮ ਕਰਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਇਸ ਸਮਾਗਮ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸੰਤ ਬਾਬਾ ਮਿੱਠਾ ਸਿੰਘ ਮਸਤੂਆਣਾ ਸਾਹਿਬ ਅਤੇ ਸੰਤ ਅਵਤਾਰ ਸਿੰਘ ਧੂਰਕੋਟ ਵਾਲੇ, ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਸੰਤ ਪ੍ਰੀਤਮ ਸਿੰਘ ਮਲੜ੍ਹੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਬਲਕੌਰ ਸਿੰਘ ਕਾਲਾਂਵਾਲੀ, ਮੈਨੇਜਰ ਸ਼ੇਰ ਸਿੰਘ, ਅਮਰੀਕ ਸਿੰਘ ਕੋਟਸ਼ਮੀਰ, ਜਗਦੇਵ ਸਿੰਘ ਮਟਦਾਦੂ, ਬਲਦੇਵ ਸਿੰਘ ਹਿਸਾਰ, ਪਰਮਜੀਤ ਸਿੰਘ ਮਾਖਾ,  ਪ੍ਰਿੰਸੀਪਲ ਵਰਿੰਦਰ ਕੌਰ, ਓਮ ਪ੍ਰਕਾਸ਼ ਕੇਹਰਵਾਲਾ, ਸਿਰਸਾ ਦੇ ਡਿਪਟੀ ਕਮਿਸ਼ਨਰ ਡਾ. ਜੇ. ਗਣੇਸ਼ਨ, ਐਲਨਾਬਾਦ ਦੇ ਐਸ.ਡੀ.ਐਮ. ਪ੍ਰਭਜੋਤ ਸਿੰਘ, ਬਾਬਾ ਮੇਜਰ ਸਿੰਘ ਅਤੇ ਬਾਬਾ ਕੁੰਦਨ ਸਿੰਘ, ਬਲਦੇਵ ਸਿੰਘ ਮੈਨੇਜਰ, ਦਲਜੀਤ ਸਿੰਘ ਤਿਲੋਕੇਵਾਲਾ ਸਮੇਤ ਅਨੇਕ ਸੰਤ ਮਹਾਂਪੁਰਸ਼ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਿਰ ਸਨ।
ਸਿੰਘ ਸਾਹਿਬ ਨੇ ਕਿਹਾ ਦੇਹਧਾਰੀ ਅਤੇ ਡੇਰੇਦਾਰਾਂ ਪਾਖੰਡੀ ਅਤੇ ਦੰਭੀ ਹਨ ਅਤੇ ਇਹਨਾਂ ਤੋਂ ਪੰਥ ਨੂੰ ਨਿਖੇੜਣ ਲਈ ਸਾਨੂੰ ਸਿੱਖੀ ਦਾ ਪ੍ਰਚਾਰ ਵਧਾਉਣਾ ਪਵੇਗਾ ਅਤੇ ਸਿੱਖ ਸੰਗਤਾਂ ਨੂੰ ਇਹ ਗੱਲ ਸਮਝਾਉਣੀ ਪਵੇਗੀ ਕਿ ਇਹਨਾਂ ਲੋਕਾਂ ਦੇ ਕੋਲ ਕੁੱਝ ਵੀ ਨਹੀਂ ਹੈ। ਇਹ ਤਾਂ ਖੁਦ ਮੰਗਤੇ ਹਨ ਅਤੇ ਮੰਗਤਾ ਕਿਸੇ ਨੂੰ ਕੀ ਦੇ ਸਕਦਾ ਹੈ। ਇਸ ਮੌਕੇ ‘ਤੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਦੀ ਜੋ ਪਰੰਪਰਾ ਸ਼ੁਰੂ ਕੀਤੀ ਸੀ ਉਸ ਨੂੰ ਅੱਗੇ ਤੋਰ ਕੇ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਬਹੁਤ ਨੇਕ ਕੰਮ ਕਰ ਰਹੇ ਹਨ।ਇਸ ਸਮਾਗਮ ਵਿੱਚ ਹਾਜ਼ਿਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਗੁਰਦੁਆਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਹਰਿਆਣਾ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੁਰਮਤਿ ਸਮਾਗਮ ਵਿੱਚ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ ਅਤੇ ਇੱਛੁਕ ਜੀਵਾਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਗਿਆ।

WRITTEN BY