ਸ਼ਾਹਕੋਟ, 5 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ-ਮਲਸੀਆਂ ਮੁੱਖ ਮਾਰਗ ’ਤੇ ਟਰੱਕ ਯੂਨੀਅਨ ਸ਼ਾਹਕੋਟ ਨਜ਼ਦੀਕ ਵੀਰਵਾਰ ਦੁਪਹਿਰ ਸਮੇਂ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਇੱਕ ਮੋਟਰਸਾਈਕਲ ਨੂੰ ਅਚਾਨਕ ਪਿੱਛੋਂ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਦੋਵੇਂ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜਖ਼ਮੀ ਹੋ ਗਏ, ਜਿਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ ਗਿਆ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨੋਹਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਰਾਜੇਵਾਲ ਖੁਰਦ, ਸ਼ਾਹਕੋਟ ਵੀਰਵਾਰ ਦੁਪਹਿਰ ਕਰੀਬ 12:30 ਵਜੇ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਆਪਣੇ ਹਾਂਡਾ ਸ਼ਾਈਨ ਮੋਟਰਸਾਈਕਲ ਨੰ: ਪੀ.ਬੀ.67-ਬੀ.-9022 ’ਤੇ ਮਲਸੀਆਂ ਵਾਲੇ ਪਾਸਿਓ ਸ਼ਾਹਕੋਟ ਵੱਲ ਆ ਰਿਹਾ ਸੀ। ਇਸੇ ਦੌਰਾਨ ਇੱਕ ਨਿੱਜੀ ਕੰਪਨੀ ਨਿਊ ਪਿਊਪਲ ਦੀ ਬੱਸ ਨੰ: ਪੀ.ਬੀ.30-ਐੱਲ.-9697 ਮਲਸੀਆਂ ਤੋਂ ਸ਼ਾਹਕੋਟ ਵੱਲ ਆ ਰਹੀ ਸੀ, ਜਿਸ ਨੂੰ ਚਾਲਕ ਸੁਖਦੇਵ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਮਖੂ ਗੇਟ, ਫਿਰੋਜ਼ਪੁਰ ਚਲਾ ਰਿਹਾ ਸੀ। ਜਦ ਮੋਟਰਸਾਈਕਲ ਚਾਲਕ ਮਨੋਹਰ ਸਿੰਘ ਆਪਣੀ ਪਤਨੀ ਸਮੇਤ ਸ਼ਾਹਕੋਟ-ਮਲਸੀਆਂ ਮੁੱਖ ਮਾਰਗ ’ਤੇ ਟਰੱਕ ਯੂਨੀਅਨ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਨਿਊ ਪਿਊਪਲ ਕੰਪਨੀ ਦੀ ਨਿੱਜੀ ਬੱਸ ਨੇ ਉਨਾਂ ਦੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪਤੀ-ਪਤਨੀ ਸੜਕ ’ਤੇ ਬੂਰੀ ਤਰ੍ਹਾਂ ਨਾਲ ਘੜੀਸੇ ਗਏ। ਇਸ ਹਾਦਸੇ ਵਿੱਚ ਮਨੋਹਰ ਸਿੰਘ ਗੰਭੀਰ ਜਖਮੀ ਹੋ ਗਿਆ, ਜਦਕਿ ਉਸ ਦੀ ਪਤਨੀ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਉਪਰੰਤ ਬਸ ਚਾਲਕ ਬਸ ਛੱਡ ਮੌਕੇ ਤੋਂ ਫਰਾਰ ਹੋ ਗਿਆ ਅਤੇ ਆਸ-ਪਾਸ ਖੜ੍ਹੇ ਲੋਕਾਂ ਨੇ ਵੀ ਜਖਮੀਆਂ ਨੂੰ ਨਹੀਂ ਚੁੱਕਿਆ। ਇਸੇ ਦੌਰਾਨ ਪਿੱਛੋਂ ਆ ਰਹੇ ਰਾਹਗੀਰਾਂ ਨੇ ਰੁੱਕ ਕੇ ਜਖਮੀਆਂ ਨੂੰ ਚੁੱਕਿਆ ਅਤੇ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਨਾਂ ਮੌਕੇ ’ਤੇ ਪਹੁੰਚ ਕੇ ਜਖਮੀ ਪਤੀ-ਪਤਨੀ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ, ਜਿਥੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾ. ਰਜਿੰਦਰ ਗਿੱਲ ਅਤੇ ਉਨਾਂ ਦੀ ਟੀਮ ਨੇ ਜਖਮੀਆਂ ਦਾ ਇਲਾਜ਼ ਸ਼ੁਰੂ ਕੀਤਾ। ਇਸ ਹਾਦਸੇ ਬਾਰੇ ਜਦ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ. ਲਾਭ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਬਸ ਨੂੰ ਕਬਜ਼ੇ ਵਿੱਚ ਲੈ ਕੇ ਕੁੱਝ ਹੀ ਸਮੇਂ ਵਿੱਚ ਬਸ ਚਾਲਕ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਲਾਭ ਸਿੰਘ ਨੇ ਦੱਸਿਆ ਕਿ ਬਸ ਚਾਲਕ ਨੂੰ ਬਸ ਸਮੇਤ ਕਾਬੂ ਕਰ ਲਿਆ ਗਿਆ ਹੈ ਅਤੇ ਜਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਾਹਕੋਟ-ਮਲਸੀਆਂ ਮਾਰਗ ’ਤੇ ਨਿੱਜੀ ਕੰਪਨੀ ਦੀ ਬੱਸ ਵੱਲੋਂ ਮੋਟਰਸਾਈਕਲ ਨੂੰ ਟੱਕਰ, ਪਤੀ-ਪਤਨੀ ਜ਼ਖਮੀ



