ਡੀਸੀ ਵੱਲੋਂ ਮਸ਼ੀਨਾਂ ਰਾਹੀਂ ਸਾਫ ਸਫਾਈ ਦੇ ਪ੍ਰਾਜੈਕਟ ਦੀ ਸ਼ੁਰੂਆਤ
ਜਲੰਧਰ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਦੇ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ਦੀ ਨੁਹਾਰ ਬਦਲਣ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਹਿਤ ਮਸ਼ੀਨਾਂ ਰਾਹੀਂ ਸਾਫ ਸਫਾਈ ਸ਼ੁਰੂ ਕੀਤੀ ਗਈ ਹੈ, ਉਥੇ ਬੱਸ ਸਟੈਂਡ ਵਿਖੇ ਤੰਬਾਕੂ, ਬੀੜੀ/ਸਿਗਰਟ ਦੀ ਵਰਤੋਂ ਨੂੰ ਮੁੱਢੋਂ ਖਤਮ ਕਰਨ ਲਈ ਵਿਸ਼ੇਸ਼ ਸੁਰੱਖਿਆ ਦਸਤਾ ਵੀ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ 15 ਮਹਿਲਾ ਸੁਰੱਖਿਆ ਕਰਮੀ ਵੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਬੱਸ ਸਟੈਂਡ ਵਿਖੇ ਮਸ਼ੀਨਾਂ ਰਾਹੀਂ ਸਾਫ ਸਫਾਈ ਦੇ ਕੰਮ ਦੀ ਆਰੰਭਤਾ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬੱਸ ਸਟੈਂਡ ਦੀ ਸਾਫ ਸਫਾਈ ਦੇ ਨਾਲ-ਨਾਲ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤੀ ਤੌਰ ’ਤੇ ਸਾਫ ਸਫਾਈ ਲਈ 2 ਮਸ਼ੀਨਾਂ ਲਾਈਆਂ ਗਈਆਂ ਹਨ, ਜੋ ਕਿ ਸਫਾਈ ਲਈ ਜਿੱਥੇ ਪਾਣੀ ਦੀ ਨਾਮਾਤਰ ਵਰਤੋਂ ਕਰਦੀ ਹੈ ਉਥੇ ਹੀ ਸਫਾਈ ਦਾ ਮਿਆਰ ਵੀ ਉਚ ਪੱਧਰੀ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਿਖੇ ਕੁੱਲ 3 ਮਸ਼ੀਨਾਂ ਚਲਾਈਆਂ ਜਾਣਗੀਆਂ ਜਿਸ ਵਿਚੋਂ 2 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਹਰੇਕ ਮਸ਼ੀਨ ਦੀ ਕੀਮਤ ਲਗਭਗ 2 ਲੱਖ ਰੁਪੈ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬੱਸ ਅੱਡੇ ਵਿਖੇ ਨਸ਼ਾਖੋਰੀ ਦੀ ਮੁਕੰਮਲ ਰੋਕਥਾਮ ਤੇ ਥਾਂ-ਥ੍ਯਾਂ ਮਲਮੂਤਰ ਕਰਨ ਵਾਲਿਆਂ ਨੂੰ ਰੋਕਣ ਲਈ 15 ਮਹਿਲਾ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣਗੇ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜ਼ਰ ਪ੍ਰਨੀਤ ਸਿੰਘ ਮਿਨਹਾਸ ਤੇ ਬਲਵਿੰਦਰ ਸਿੰਘ, ਸਿਟੀਜ਼ਨ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ.ਸ਼ਰਮਾ, ਆਰ.ਆਰ.ਕੇ.ਕੇ. ਕੰਪਨੀ ਦੇ ਪੰਕਜ ਲੂਥਰਾ, ਰਾਕੇਸ ਭਸੀਨ, ਕਮਲਦੀਪ ਰਿਸ਼ੀ, ਪਰਾਗ ਭਸੀਨ, ਹੁਕਮ ਸਿੰਘ ਮੈਨੇਜ਼ਰ ਤੇ ਗੁਰਪ੍ਰੀਤ ਸਿੰਘ ਮਾਨ ਹਾਜ਼ਰ ਸਨ।



