ਇਕੋ ਮੁਹਲੇ ਵਿਚ 10 ਤੋਂ ਵਧ ਚੋਰੀਆਂ ਹੋਣ ਤੋਂ ਬਾਅਦ ਵੀ ਪੁਲਿਸ ਦੇ ਹਥ ਨਾ ਲਗਾ ਕੋਈ ਸੁਰਾਗ
ਕਾਹਨੂੰਵਾਨ, 4 ਜੁਲਾਈ (ਡਾ.ਜਸਪਾਲ ਸਿੰਘ ਭਿਟੇਵਡ)- ਸਥਾਨਕ ਕਸਬੇ ਦੇ ਲੁਬਾਣਾ ਮਹਲੇ ਵਿਚ ਬੀਤੀ ਰਾਤ ਬੰਦ ਪਏ ਘਰ ਵਿਚ ਚੋਰਾਂ ਵਲੋਂ ਚੋਰੀ ਨੂੰ ਅੰਜਾਮ ਦਿਤਾ ਗਿਆ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀੜਤ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਪੁਤਰ ਬੂੜ ਸਿੰਘ ਨੇ ਦਸਿਆ ਕਿ ਬੀਤੇ ਕਲ੍ਹ ਸ਼ਾਮ 3 ਵਜੇ ਦੇ ਕਰੀਬ ਉਹ ਆਪਣੇ ਘਰ ਨੂੰ ਤਾਲਾ ਲਗਾਅ ਕੇ ਜਲੰਧਰ ਵਿਖੇ ਆਪਣੀ ਪਤਨੀ ਨਾਲ ਕਿਸੇ ਹਸਪਤਾਲ ਤੋਂ ਦਵਾਈ ਲੈਣ ਲਈ ਗਏ ਹੋਏ ਸਨ। ਵਾਪਸ ਆਉਂਦੇ ਸਮੇਂ ਸ਼ਾਮ ਨੂੰ ਦੇਰ ਹੋਣ ਕਾਰਨ ਉਹ ਰਸਤੇ ਵਿਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਹੀ ਠਹਿਰ ਗਏ। ਅਜ ਜਦੋਂ ਉਹ ਸਵੇਰ ਸਮੇਂ ਵਾਪਸ ਆਪਣੇ ਘਰ ਆਉਣ ਲਈ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਗੁਆਂਢੀ ਵਲੋਂ ਫ਼ੋਨ ਦਸਿਆ ਕਿ ਉਸ ਦੇ ਘਰ ਦੇ ਮੁਖ ਦਰਵਾਜ਼ੇ ਦਾ ਤਾਲਾ ਟੁਟਾ ਹੋਇਆ ਅਤੇ ਦਰਵਾਜ਼ਾ ਖੁਲ੍ਹਾ ਪਿਆ ਹੈ। ਉਨ੍ਹਾਂ ਨੇ ਘਰ ਪਹੁੰਚ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਬਿਖੇਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਆਪਣਾ ਘਰ ਪਏ ਕੀਮਤੀ ਸਮਾਨ ਦੀ ਜਾਂਚ ਕੀਤੀ ਉਨ੍ਹਾਂ ਨੂੰ ਪਤਾ ਲਗਾ ਕਿ ਚੋਰ ਰਾਤ ਸਮੇਂ 5500 ਰੁਪਏ ਨਕਦ, ਇਕ ਕੀਮਤੀ ਮੁਬਾਇਲ ਫ਼ੋਨ ਸੈਟ ਅਤੇ ਸੋਨੇ ਦੇ ਕਾਂਟੇ ਲੈ ਗਏ ਹਨ। ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਕਾਹਨੂੰਵਾਨ ਵਿਖੇ ਲਿਖਤੀ ਦਰਖਾਸਤ ਦੇ ਦਿਤੀ ਗਈ ਹੈ। ਇਥੇ ਵਰਣਨ ਯੋਗ ਹੈ ਕਿ ਇਸ ਮੁਹਲੇ ਵਿਚ ਪਿਛਲੇ ਕਰੀਬ ਇਕ ਮਹੀਨ ਦੌਰਾਨ 10 ਤੋਂ ਵਧ ਚੋਰੀਆਂ ਵਖ ਵਖ ਘਰਾਂ ਵਿਚ ਹੋ ਚੁਕੀਆਂ ਹਨ ਪਰ ਪੁਲਿਸ ਦੇ ਹਥ ਅਜੇ ਤਕ ਕੋਈ ਸੁਰਾਗ ਨਹੀਂ ਲਗ ਸਕਿਆ।



