ਮੋਰਿੰਡਾ, 4 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਜ਼ਿਲ੍ਹਾ ਪੁਲਿਸ ਮੁੱਖੀ ਰੋਪੜ ਰਾਜ ਬਚਨ ਸੰਧੂ ਦੀਆਂ ਨਸ਼ਾ ਤਸਕਰੀ ਵਿੱਰੁਧ ਜਾਰੀ ਕੀਤੀਆਂ ਸਖ਼ਤ ਹਦਾਇਤਾਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪੈ ਗਿਆ ਜਦੋਂ ਮੋਰਿੰਡਾ ਪੁਲਿਸ ਅਤੇ ਸੀ.ਆਈ.ਏ ਸਟਾਫ਼ ਰੂਪਨਗਰ ਨੇ ਸਾਂਝੀ ਕਾਰਵਾਈ ਕਰਦੇ ਹੋਏ ਨਜ਼ਦੀਕੀ ਪਿੰਡ ਚਤਾਮਲਾ ਟੀ ਪੁਆਇੰਟ ’ਤੇ ਕੀਤੀ ਨਾਕੇਬੰਦੀ ਦੋਰਾਨ 2 ਵਿਅਕਤੀਆਂ ਨੂੰ 468 ਪੇਟੀਆਂ ਨਜ਼ਾਇਜ ਸ਼ਰਾਬ ਅਤੇ 2 ਲੱਖ ਰੁਪਏ ਦੀ ਨਕਦ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਖ਼ੂਫ਼ੀਆ ਸੂਚਨਾ ਮਿਲੀ ਸੀ ਕਿ ਇੱਕ ਟਰਾਲਾ ਰਜ਼ਿਸਟ੍ਰੇਸ਼ਨ ਨੰਬਰ ਆਰ.ਜੇ. ਜੀ.ਬੀ 1488 ਵਿੱਚ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚਤਰਗੜ੍ਹ ਪੱਟੀ ਸਿਰਸਾ (ਹਰਿਆਣਾ) ਅਤੇ ਟਰਾਲਾ ਮਾਲਕ ਸੁਰਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਵੈਦਵਾਲਾ ਥਾਣਾ ਸਿਰਸਾ (ਹਰਿਆਣਾ) ਨਜ਼ਾਇਜ਼ ਸ਼ਰਾਬ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ। ਜਿਨ੍ਹਾਂ ਦਾ ਇੱਕ ਸਾਥੀ ਹਰਜਿੰਦਰ ਸਿੰਘ ਉਰਫ ਹਰਵਿੰਦਰ ਸਿੰਘ ਉਰਫ ਹਰਵਿੰਦਰ ਪਾਲ ਸਿੰਘ ਪੁੱਤਰ ਸੰਗਤ ਸਿੰਘ ਉਰਫ਼ ਸੱਜਣ ਸਿੰਘ ਵਾਸੀ ਸੈਕਟਰ 51 ਬੀ ਚੰਡੀਗੜ ਇਨਾਂ ਨੂੰ ਆਪਣੀ ਕਾਰ ਨੰਬਰ ਐਚ.ਆਰ. 26 ਏ.ਡਬਲਯੂ. 3000 ਅੱਗੇ ਅੱਗੇ ਰੈਕੀ ਕਰਦਾ ਆ ਰਿਹਾ ਹੈ। ਜਿਸਤੋਂ ਬਾਅਦ ਪੁਲਿਸ ਥਾਣਾ ਸਦਰ ਮੋਰਿੰਡਾ ਮੁੱਖੀ ਸਿਮਰਨਜੀਤ ਸਿੰਘ ਅਤੇ ਸੀ.ਆਈ.ਏ ਸਟਾਫ ਰੂਪਨਗਰ ਦੇ ਇੰਨਚਾਰਜ਼ ਇੰਸਪੈਕਟਰ ਅਤੁੱਲ ਸੋਨੀ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਪਿੰਡ ਚਤਾਮਲਾ ਟੀ. ਪੁਆਇੰਟ ’ਤੇ ਸਾਂਝੀ ਨਾਕੇਬੰਦੀ ਕੀਤੀ ਗਈ। ਪੁਲਿਸ ਵੱਲੋਂ ਯੋਜਨਾਵੱਧ ਤਰੀਕੇ ਨਾਲ ਕੀਤੀ ਨਾਕੇਬੰਦੀ ਵੇਖ ਕੇ ਕਾਰ ਨੰਬਰ ਐਚ.ਆਰ. 26 ਏ.ਡਬਲਯੂ. 3000 ਸਕੋਡਾ ਦਾ ਚਾਲਕ ਘਬਰਾ ਗਿਆ ਅਤੇ ਨਾਕੇ ਤੋਂ ਪਿੱਛੇ ਹੀ ਕੁਝ ਦੂਰੀ ’ਤੇ ਕਾਰ ਛੱਡ ਕੇ ਰਫ਼ੂ ਚੱਕਰ ਹੋ ਗਿਆ। ਪ੍ਰੰਤੂ ਕਾਰ ਦੇ ਪਿੱਛੇ ਆ ਰਹ ਟਰਾਲਾ ਨੰਬਰ ਆਰ.ਜੇ-ਜੀ.ਬੀ 1488 ਨੂੰ ਜਦੋਂ ਪੁਲਿਸ ਨੇ ਰੋਕ ਕੇ ਤਲਾਸੀ ਲਈ ਤਾਂ ਟਰਾਲੇ ਵਿੱਚੋ 468 ਪੇਟੀਆਂ ਸ਼ਰਾਬ (370 ਪੇਟੀਆਂ ਵਿਸਕੀ ਅਤੇ 98 ਪੇਟੀਆਂ ਬੀਅਰ) ਬਰਾਮਦ ਹੋਈਆਂ। ਇਸ ਤੋਂ ਇਲਾਵਾ 2 ਲੱਖ ਰੁਪਏ ਨਕਦ ਭਾਰਤੀ ਕਰੰਸੀ ਵੀ ਬਰਾਮਦ ਹੋਈ। ਇਸ ਸਬੰਧੀ ਪੁਲਿਸ ਵੱਲੋ ਗੁਰਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਪੁੱਛਗਿੱਛ ਦੋਰਾਨ ਫੜੇ ਗਏ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਇਹ ਸ਼ਰਾਬ ਚੰਡੀਗੜ ਅਤੇ ਹਰਿਆਣਾ ਤੋਂ ਖਰੀਦੀ ਹੈ ਜੋ ਅੱਗੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਕੋਲੋ ਹੋਰ ਪੁੱਛਗਿੱਛ ਜਾਰੀ ਹੈ ਜਦਕਿ ਫ਼ਰਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਦੀ ਨਸ਼ਾ ਤਸਕਰੀ ਵਿੱਰੁਧ ਕੋਸ਼ਿਸ਼ ਨੂੰ ਪਿਆ ਬੂਰ



