Skip to content
Independent perspectives. Global stories.
BREAKING

ਮੌਤਾਂ ਤੋਂ ਸਹਿਮੇ ਲੋਕਾਂ ਨੇ ਨਸ਼ਾਂ ਤਸਕਰਾਂ ਖਿਲਾਫ਼ ਖੁੱਦ ਹੀ ਮੋਰਚਾ ਖੋਲ੍ਹਿਆ

Share this story

ਸਮਰਾਲਾ, 3 ਜੁਲਾਈ (ਕਮਲਜੀਤ)- ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਤੋਂ ਸਹਿਮੇ ਲੋਕਾਂ ਨੇ ਸਰਕਾਰ ਵੱਲੋਂ ਤਸਕਰਾਂ ਖਿਲਾਫ਼ ਢੁੱਕਵੇ ਕਦਮ ਨਾ ਚੁੱਕੇ ਜਾਣ ਤੋਂ ਦੁੱਖੀ ਹੋਕੇ ਨਸ਼ਾਂ ਤਸਕਰਾਂ ਖਿਲਾਫ਼ ਖੁੱਦ ਹੀ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਹੋਈ ਇੱਕ ਵੱਡੀ ਘਟਨਾ, ਜਿਸ ਵਿੱਚ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਉਟਾਲਾਂ ਵਿਖੇ ਭਾਰੀ ਗਿਣਤੀ ’ਚ ਇੱਕਠੇ ਹੋਏ ਪਿੰਡ ਵਾਸੀਆਂ ਨੇ ਸ਼ਰੇਆਮ ਪਿੰਡ ਵਿੱਚ ਨਸ਼ਾ ਵੇਚ ਰਹੇ 5 ਦੇ ਕਰੀਬ ਤਸਕਰਾਂ ਨੂੰ ਘੇਰਾ ਪਾ ਲਿਆ। ਲੋਕਾਂ ਦੇ ਘੇਰੇ ਵਿੱਚ ਆਉਣ ’ਤੇ 2-3 ਤਸਕਰ ਤਾਂ ਮੌਕੇ ਤੋਂ ਭੱਜ ਗਏ, ਜਦਕਿ ਦੋ ਤਸਕਰ ਭੀੜ ਦੇ ਧੱਕੇ ਚੜ੍ਹ ਗਏ। ਦੋਸ਼ ਹੈ, ਕਿ ਇਹ ਸਾਰੇ ਤਸਕਰ ਪਿੰਡ ਵਿੱਚ ਨੌਜਵਾਨਾਂ ਨੂੰ ਸਮੈਕ ਦੀਆਂ ਪੂੜੀਆਂ ਸਪਲਾਈ ਕਰ ਰਹੇ ਸਨ ਅਤੇ ਅਜੇ ਇਕ ਦਿਨ ਪਹਿਲਾ ਹੀ ਪਿੰਡ ਵਾਸੀਆਂ ਨੇ ਐਸ.ਐਸ.ਪੀ. ਖੰਨਾ ਨੂੰ ਮਿਲ ਕੇ 12 ਤਸਕਰਾਂ ਦੇ ਨਾਵਾਂ ਦੀ ਸੂਚੀ ਸੌਂਪਦੇ ਹੋਏ ਦੱਸਿਆ ਸੀ, ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਪਰ ਫਿਰ ਵੀ ਪੁਲਸ ਕੋਈ ਕਾਰਵਾਈ ਨਹੀਂ ਕਰਦੀ। ਜਾਣਕਾਰੀ ਅਨੂਸਾਰ ਐਂਟੀ ਡਰੱਗਜ਼ ਕਮੇਟੀ ਸਮਰਾਲਾ ਅਤੇ ਪਿੰਡ ਉਟਾਲਾਂ ਵਾਸੀਆਂ ਵੱਲੋਂ ਪਿੰਡ ’ਚ ਨਸ਼ਾ ਵੇਚਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਕੱਲ ਹੀ ਐਸ.ਐਸ.ਪੀ. ਨੂੰ ਮਿਲ ਕੇ ਨਸ਼ਾ ਵੇਚਣ ਵਾਲੇ 12 ਤਸਕਰਾਂ ਦੀ ਇਕ ਲਿਸਟ ਵੀ ਸੌਂਪੀ ਗਈ ਸੀ। ਪ੍ਰੰਤੂ ਬੇਖੋਫ਼ ਹੋਏ ਨਸ਼ਾ ਤਸਕਰਾਂ ਨੇ ਅੱਜ ਵੀ ਰੋਜ ਦੀ ਤਰ੍ਹਾਂ ਪਿੰਡ ’ਚ ਨੌਜਵਾਨਾਂ ਨੂੰ ਸਮੈਕ ਦੀਆਂ ਪੂੜੀਆਂ ਅਤੇ ਹੋਰ ਨਸ਼ੇ ਸ਼ਰੇਆਮ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਗੱਲ ਦੀ ਭਿਣਕ ਲੋਕਾਂ ਨੂੰ ਪਈ ਤਾਂ ਉਨ੍ਹਾਂ ਇੱਕਠੇ ਹੋਕੇ ਇਨ੍ਹਾਂ ਤਸਕਰਾਂ ਨੂੰ ਪਿੰਡ ਦੇ ਚੁਫੇਰਿਓ ਘੇਰਾ ਪਾ ਲਿਆ। ਲੋਕਾਂ ਵੱਲੋਂ ਘੇਰਾ ਪਾ ਲਏ ਜਾਣ ’ਤੇ 2-3 ਨਸ਼ਾ ਤਸਕਰ ਤਾਂ ਭੱਜ ਲਏ, ਪਰ ਦੋ ਤਸਕਰ ਲੋਕਾਂ ਦੇ ਅੜਿੱਕੇ ਆ ਗਏ। ਪਿੰਡ ਵਾਲਿਆਂ ਵੱਲੋਂ ਇਨ੍ਹਾਂ ਦੀ ਚੰਗੀ ਭੂਗਤ ਸਵਾਰਨ ਮਗਰੋਂ ਪੁਲਸ ਨੂੰ ਇਤਾਹ ਦਿੱਤੀ ਗਈ, ਪੁਲਸ ਅੱਧੇ ਘੰਟੇ ਬਾਅਦ ਮੌਕੇ ’ਤੇ ਪੁੱਜੀ, ਜਿਸ ਕਾਰਨ 2-3 ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਲੋਕਾਂ ਵੱਲੋਂ ਫੜ੍ਹੇ ਗਏ ਦੋਵੇਂ ਤਸਕਰਾਂ ਨੂੰ ਪੁਲਸ ਹਵਾਲੇ ਕੀਤਾ ਗਿਆ ਇੱਕਠੇ ਹੋਏ ਲੋਕ ਦੋਵੇ ਤਸਕਰਾਂ ਸਮੇਤ ਮੌਕੇ ਤੋਂ ਫਰਾਰ ਹੋਏ ਬਾਕੀ ਦੇ ਤਸਕਰਾਂ ’ਤੇ ਕੇਸ ਦਰਜ਼ ਕਰਨ ਦੀ ਮੰਗ ਕਰ ਹੀ ਰਹੇ ਸਨ। ਰੋਹ ’ਚ ਆਏ ਲੋਕਾਂ ਨੇ ਪੁਲਸ ’ਤੇ ਤਸਕਰਾਂ ਦੀ ਮੱਦਦ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਥਾਣੇ ਦੇ ਬਾਹਰ ਹੀ ਲੁਧਿਆਣਾ-ਚੰਡੀਗੜ ਹਾਈਵੇ ’ਤੇ ਧਰਨਾ ਮਾਰਦੇ ਹੋਏ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਐਂਟੀ ਡਰੱਗਜ਼ ਕਮੇਟੀਦੇ ਪ੍ਰਧਾਨ ਇੰਦਰੇਸ਼ ਜੈਦਕਾ, ਰੁਪਿੰਦਰ ਉਟਾਲ, ਸਨੀ ਵਰਮਾ, ਹਰਪ੍ਰੀਤ ਸਿੰਘ, ਡਿੰਪਲ ਉਟਾਲ ਆਦਿ ਸਮੇਤ ਹਾਜ਼ਰ ਕਈ ਹੋਰ ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਸ ਤਸਕਰਾਂ ਦੀਆਂ ਲਿਸਟਾਂ ਦਿੱਤੇ ਜਾਣ ਮਗਰੋਂ ਵੀ ਹਰਕਤ ਵਿੱਚ ਨਹੀਂ ਆਈ ਅਤੇ ਅਖੀਰ ਅੱਜ ਮਜਬੂਰ ਹੋਕੇ ਪਿੰਡ ਵਾਸੀਆਂ ਨੂੰ ਖੁੱਦ ਤਸਕਰਾਂ ਖਿਲਾਫ਼ ਮੋਰਚਾ ਖੋਲ੍ਹਨਾ ਪਿਆ। ਮਾਮਲਾ ਵਿਗੜਦਾ ਵੇਖ ਡਿਊਟੀ ਅਫ਼ਸਰ ਜਸਵਿੰਦਰ ਸਿੰਘ ਨੇ ਫੜ੍ਹੇ ਗਏ ਦੋਵੇ ਤਸਕਰਾਂ ਖਿਲਾਫ਼ ਤੁਰੰਤ ਕੇਸ ਦਰਜ਼ ਕਰਨ ਦਾ ਐਲਾਨ ਕਰਦੇ ਹੋਏ ਰੋਹ ਵਿੱਚ ਆਏ ਲੋਕਾਂ ਨੂੰ ਸ਼ਾਂਤ ਕਰਕੇ ਧਰਨਾ ਚੁੱਕਵਾਇਆ। ਇਸ ’ਤੇ ਮਾਮਲਾ ਕੁਝ ਸ਼ਾਂਤ ਹੋਇਆ ਅਤੇ ਭੜਕੇ ਹੋਏ ਲੋਕਾਂ ਨੇ ਮੌਕੇ ਤੋਂ ਫਰਾਰ ਹੋਏ ਤਸਕਰਾਂ ਅਤੇ ਐਸ.ਐਸ.ਪੀ. ਖੰਨਾ ਨੂੰ ਦਿੱਤੀ 12 ਤਸਕਰਾਂ ਦੀ ਸੂਚੀ ’ਚ ਸ਼ਾਮਲ ਸਾਰੇ ਹੀ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਅੱਜ ਲੋਕਾਂ ਵੱਲੋਂ ਪੁਲਸ ਹਵਾਲੇ ਕੀਤੇ ਦੋਵੇਂ ਤਸਕਰਾਂ ਦੀ ਪਹਿਚਾਣ ਅਨਬਰ ਖਾਨ ਪੁੱਤਰ ਸਦੀਕ ਮੁਹੰਮਦ ਅਤੇ ਹਰਮਿੰਦਰ ਦਾਸ ਪੁੱਤਰ ਦਰਸ਼ਨ ਦਾਸ ਨਿਵਾਸੀ ਪਿੰਡ ਉਟਾਲਾਂ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੋਵੇ ਤਸਕਰਾਂ ਪਾਸੋਂ ਸਮੈਕ ਬਰਾਮਦ ਕਰਦੇ ਹੋਏ ਐਨ.ਡੀ.ਪੀ.ਸੀ. ਅਧੀਨ ਕੇਸ ਦਰਜ਼ ਕਰ ਲਿਆ ਹੈ। ਪੁਲਸ ਅਗਲੀ ਕਾਰਵਾਈ ਲਈ ਇਨ੍ਹਾਂ ਗ੍ਰਿਫਤਾਰ ਤਸਕਰਾਂ ਕੋਲੋ ਉਨ੍ਹਾਂ ਦੇ ਪੂਰੇ ਨੈਟਵਰਕ ਬਾਰੇ ਜਾਣਕਾਰੀ ਲੈ ਰਹੀ ਹੈ।

WRITTEN BY