ਤਪਾ ਮੰਡੀ, 3 ਜੁਲਾਈ (ਰੋਹਿਤ ਸਿੰਗਲਾ)- ਸਥਾਨਕ ਪੁਲਿਸ ਨੇ ਇਕ ਬਾਪ ਵੱਲੋ ਅਪਣੀ ਧੀ ਨੂੰ ਅਗਵਾ ਕਰਨ ਦੀ ਝੂਠੀ ਰਚੀ ਸਾਜਿਸ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੂੰ ਝੂਠੀ ਇਤਲਾਹ ਦੇਣ ਵਾਲੇ ਪਿਤਾ ਖਿਲਾਫ ਹੀ ਕਾਨੂੰਨੀ ਸਿੰਕਜਾਂ ਕੱਸ ਕੇ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਹੈ। ਉਪ ਕਪਤਾਨ ਪੁਲਿਸ ਏ.ਆਰ.ਸ਼ਰਮਾਂ ਨੇ ਪੱਤਰਕਾਰਾਂ ਦੀ ਭਰਵੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਕੱਲ ਹਰਦੇਵ ਸਿੰਘ ਵਾਸੀਅਨ ਚੱਕ ਜਾਨਾ (ਰਾਜਸਥਾਨ) ਹਾਲ ਆਬਾਦ ਬਾਜੀਗਰ ਬਸਤੀ ਤਪਾ ਜੋ ਅਪਣੇ ਨਾਨਕੇ ਘਰ ਰਹਿੰਦਾ ਹੈ ਨੇ ਪੁਲਿਸ ਥਾਣਾ ਤਪਾ ਨੂੰ ਇਤਲਾਹ ਦਿੱਤੀ ਕਿ ਉਸ ਦੀ ਧੀ ਬੀਵ ਕੌਰ ਉਰਫ ਅੰਜਲੀ (4 ਸਾਲ) ਨੂੰ ਕੋਈ ਨਾਮਾਲੂਮ ਵਿਅਕਤੀ ਨੇ ਘਰੋ ਅਗਵਾ ਕਰ ਲਿਆ ਹੈ ਜਦਕਿ ਉਕਤ ਕੁੜੀ ਨੂੰ ਉਹ ਅਪਣੀ ਭੈਣ ਕੋਲੋ ਧਾਰਮਿਕ ਸਥਾਨ ਉਪਰ ਦਰਸ਼ਨ ਕਰਵਾਉਣ ਲਈ ਅੱ ਹੀ ਲੈ ਕੇ ਆਇਆ ਸੀ। ਜਿਸ ਸਬੰਧੀ ਉਸ ਦੀ ਮਾਮੇ ਦੀ ਧੀ ਨੇ ਬੱਚੀ ਦੇ ਅਗਵਾ ਹੋਣ ਸਬੰਧੀ ਉਸ ਨੂੰ ਦੱਸਿਆਂ ਹੈ। ਡੀ.ਐਸ.ਪੀ ਸ਼ਰਮਾਂ ਨੇ ਅੱਗੇ ਦੱਸਿਆਂ ਕਿ ਪੁਲਿਸ ਨੇ ਨਬਾਲਿਗ ਬੱਚੀ ਦੇ ਅਗਵਾ ਹੋਣ ਦੀ ਇਤਲਾਹ ਮਿਲਣ ’ਤੇ ਫੋਰੀ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਜਦਕਿ ਮੁਦੱਈ ਸਬੰਧੀ ਉਨ੍ਹਾਂ ਨੂੰ ਕੁਝ ਸ਼ੱਕ ਜਾਹਿਰ ਹੋਇਆ ਕਿਉਕਿ ਮੁਦਈ ਲਗਾਤਾਰ ਅਪਣੇ ਬਿਆਨ ਬਦਲ ਰਿਹਾ ਸੀ। ਜਿਸ ’ਤੇ ਪੁਲਿਸ ਨੇ ਮੁਦਈ ਦੀ ਘੋਖ ਕਰਨ ਦੇ ਨਾਲ ਉਸ ਦੇ ਮੋਬਾਇਲ ਉਪਰ ਆਉਣ ਜਾਣ ਵਾਲੀਆਂ ਕਾਲਾਂ ਦੀ ਸੂਚਨਾ ਪ੍ਰਾਪਤ ਕੀਤੀ। ਜਿਸ ਤੋ ਖੁੱਲ ਕੇ ਸਾਹਮਣੇ ਆਇਆ ਕਿ ਮੁਦੱਈ ਹਰਦੇਵ ਸਿੰਘ ਦੀ ਘਰਵਾਲੀ ਸੰਦੀਪ ਕੌਰ ਜੋ ਰੁੱਸ ਕੇ ਅਪਣੇ ਪੇਕੇ ਘਰ ਰਹਿ ਰਹੀ ਹੈ ਦੇ ਕਹਿਣ ’ਤੇ ਹੀ ਉਸ ਨੇ ਅਪਣੇ ਨਾਨਾ ਚਾਚਾ (ਨਾਨੇ ਦੇ ਭਰਾ) ਨੂੰ ਕਥਿਤ ਤੋਰ ’ਤੇ ਫਸਾਉਣ ਦੀ ਨੀਅਤ ਨਾਲ ਉਕਤ ਘਟਨਾ ਨੂੰ ਅੰਜਾਮ ਦੇ ਕੇ ਸਾਜਿਸ਼ ਘੜੀ ਹੈ ਕਿਉਕਿ ਮੁਦਈ ਦੀ ਘਰਵਾਲੀ ਨੇ ਸ਼ਰਤ ਰੱਖੀ ਸੀ ਕਿ ਅਪਣੇ ਨਾਨੇ ਸੁਹਰੇ ਦੇ ਭਰਾ ਦੇ ਘਰੋ ਬਾਹਰ ਜਾਣ ’ਤੇ ਹੀ ਉਹ ਵਾਪਿਸ ਸੁਹਰੇ ਘਰ ਪਰਤੇਗੀ ਜਦਕਿ ਅਗਵਾ ਵਿਚਲੀ ਲੜਕੀ ਅਜੇ ਵੀ ਅਪਣੀ ਭੂਆ ਕੋਲ ਹੀ ਜੰਡਵਾਲਾ (ਹਰਿਆਣਾ) ਵਿਖੇ ਰਹਿ ਰਹੀ ਹੈ। ਉਧਰ ਪੁਲਿਸ ਨੇ ਕੁੜੀ ਨੂੰ 15 ਘੰਟੇ ਅੰਦਰ ਬਰਾਮਦ ਕਰਕੇ ਸੋਚੀ ਸਮਝੀ ਬਾਪ ਦੀ ਸਾਜਿਸ ਬੇਨਕਾਬ ਕਰਕੇ ਮੁਦਈ ਪਿਤਾ ਖਿਲਾਫ ਹੀ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਝੂਠੀ ਇਤਲਾਹ ਦਰਜ ਕਰਵਾਉਣ ਤਹਿਤ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲੈ ਲਿਆ ਹੈ। ਇਸ ਮੌਕੇ ਅਮਨਦੀਪ ਕੌਰ ਸਹਾਇਕ ਐਸ.ਐਚ.ਓ, ਸਿਟੀ ਇੰਚਾਰਜ ਰਾਮ ਲੁਭਾਇਆ, ਭੋਲਾ ਸਿੰਘ ਸਹਾਂਿੲਕ ਥਾਣੇਦਾਰ, ਬੰਤ ਸਿੰਘ ਮੁਨਸ਼ੀ ਸਣੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਹਾਜ਼ਰ ਸਨ।
ਤਪਾ ਪੁਲਿਸ ਨੇ ਬੱਚੀ ਦੇ ਅਗਵਾ ਦੀ ਸਾਜਿਸ਼ ਰਚਣ ਵਾਲੇ ਪਿਤਾ ਖਿਲਾਫ ਕਾਨੂੰਨੀ ਸ਼ਿੰਕਜਾ ਕੱਸ ਕੇ ਮਾਮਲਾ ਦਰਜ



