ਅੰਮ੍ਰਿਤਸਰ, 3 ਜੁਲਾਈ (ਦਵਾਰਕਾ ਨਾਥ ਰਾਣਾ)- ਅੱਜ ਲੋਕ ਸਭਾ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਵੱਲੋਂ ਨਸ਼ੇ ਦੀ ਗ੍ਰਿਫਤ ਵਿੱਚ ਫਸ ਚੁੱਕੇ ਲੋਕਾਂ ਨੂੰ ਕੱਢਣ ਲਈ ਮਕਬੂਲਪੁਰਾ ਖੇਤਰ ਦਾ ਦੌਰਾ ਕੀਤਾ ਗਿਆ ਅਤੇ 18 ਨਸ਼ੇੜੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰਜਾਮੰਦੀ ਨਾਲ ਫੜ ਕੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ। ਸ੍ਰ ਔਜਲਾ ਨੇ ਦੱਸਿਆ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਸ਼ਾ ਕਰਦੇ ਹਨ ਉਹ ਇਸ ਦੀ ਸੂਚਨਾ ਸਾਨੂੰ ਦੇਣ ਤਾਂ ਜੋ ਅਸੀਂ ਉਨ੍ਹਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾ ਸਕੇ। ਸ੍ਰ ਔਜਲਾ ਨੇ ਦੱਸਿਆ ਕ ਉਨ੍ਹਾਂ ਨੇ ਬੀਤੇ ਕੱਲ ਵੀ ਗੁੰਮਟਾਲਾ ਖੇਤਰ ਵਿੱਚ ਦੌਰਾ ਕੀਤਾ ਗਿਆ ਸੀ ਅਤੇ 6 ਨਸ਼ੇੜੀਆਂ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਸੀ। ਸ੍ਰ ਔਜਲਾ ਨੇ ਕਿਹਾ ਕਿ ਨਸ਼ਾ ਛੁਡਾਉ ਕੇਂਦਰਾਂ ਵਿੱਚ ਨਸ਼ੇੜੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਬੱਚਤ ਵਿੱਚੋਂ ਖਰਚਾ ਕਰਕੇ ਉਨ੍ਹਾਂ ਦੇ ਇਲਾਜ ਵੀ ਕਰਵਾਉਣਗੇ। ਲੋਕ ਸਭਾ ਮੈਂਬਰ ਸ੍ਰ ਔਜਲਾ ਨੇ ਦੱਸਿਆ ਕਿ ਇਹ ਮੁਹਿੰਮ ਹੁਣ ਲਗਾਤਾਰ ਜਾਰੀ ਰਹੇਗੀ ਅਤੇ ਉਹ ਖੁਦ ਹਰ ਇਲਾਕੇ ਦਾ ਦੌਰਾ ਕਰਨਗੇ ਅਤੇ ਜਿਥੇ ਵੀ ਕੋਈ ਨਸ਼ੇੜੀ ਹੋਇਆ ਉਸ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ।
ਮਕਬੂਲਪੁਰਾ ਇਲਾਕੇ ਵਿੱਚੋਂ ਔਜਲਾ ਨੇ 18 ਨਸ਼ੇੜੀਆਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਕਰਵਾਇਆ ਭਰਤੀ



